‘ਆਪ’ ਨੇ ਪਰਵਾਸੀ ਪੰਜਾਬੀਆਂ ਦੀਆਂ ਉਮੀਦਾਂ ‘ਤੇ ਫੇਰਿਆ ਪਾਣੀ, ਸੁੰਨੇ ਹੋ ਗਏ...

‘ਆਪ’ ਨੇ ਪਰਵਾਸੀ ਪੰਜਾਬੀਆਂ ਦੀਆਂ ਉਮੀਦਾਂ ‘ਤੇ ਫੇਰਿਆ ਪਾਣੀ, ਸੁੰਨੇ ਹੋ ਗਏ ਕੈਨੇਡਾ ‘ਚ ਬੁੱਕ ਕਰਵਾਏ ਬੈਂਕੁਇਟ ਹਾਲ

0 0

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਸਾਫ ਹੋ ਚੁੱਕੇ ਹਨ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਜਿੱਤ ਦੀ ਆਸ ਲਗਾ ਕੇ ਬੈਠੇ ਆਮ ਆਦਮੀ ਪਾਰਟੀ (ਆਪ) ਦੇ ਸਮਰਥਕਾਂ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਹੈ। ਖਾਸ ਤੌਰ ‘ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਜਿਨ੍ਹਾਂ ਨੇ ‘ਆਪ’ ਦੀ ਜਿੱਤ ਦੇਖਣ ਲਈ ਵੱਡੇ ਪੱਧਰ ‘ਤੇ ਇੰਤਜ਼ਾਮ ਕੀਤੇ ਸਨ, ਉਨ੍ਹਾਂ ਦੇ ਸਾਰੇ ਇੰਤਜ਼ਾਮ ਧਰੇ-ਧਰਾਏ ਰਹਿ ਗਏ। ਕੈਨੇਡਾ ਵਿਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੇਖਣ ਲਈ ਬੁੱਕ ਕਰਵਾਏ ਗਏ ਬੈਂਕੁਇਟ ਹਾਲ ਸ਼ੁਰੂਆਤੀ ਰੁਝਾਨਾਂ ਨੂੰ ਦੇਖਣ ਤੋਂ ਬਾਅਦ ਹੀ ਖਾਲੀ ਹੋ ਗਏ। ‘ਆਪ’ ਦੇ ਵਲੰਟੀਅਰਾਂ ਨੇ ਟੋਰਾਂਟੋ ‘ਚ ਸ਼ਿਗਾਰ ਬੈਂਕੁਇਟ ਹਾਲ ਅਤੇ ਵੈਨਕੂਵਰ ਦੇ ਬੰਬੇ ਬੈਂਕੁਇਟ ਹਾਲ ਨੂੰ ਬੁੱਕ ਕਰਵਾਇਆ ਸੀ। ਵੱਡੀ ਗਿਣਤੀ ਵਿਚ ਲੋਕਾਂ ਨੇ ਆਪ ਦੀ ਜਿੱਤ ਦਾ ਆਨੰਦ ਮਾਨਣ ਲਈ ਇੱਥੇ ਟੇਬਲ ਬੁੱਕ ਕਰਵਾਏ ਸਨ ਪਰ ‘ਆਪ’ ਨੂੰ ਹਾਰ ਵੱਲ ਵਧਦੇ ਦੇਖ ਕੇ ਹੀ ਇਹ ਹਾਲ ਖਾਲੀ ਹੋਣੇ ਸ਼ੁਰੂ ਹੋ ਗਏ। ਕੁਝ ਦੇਰ ਪਹਿਲਾਂ ਤੱਕ ਜਿੱਥੇ ਇਸ ਜਸ਼ਨ ਦਾ ਮਾਹੌਲ ਸੀ, ਕੁਝ ਪਲਾਂ ਵਿਚ ਉਹ ਸ਼ਾਂਤੀ ਅਤੇ ਅਫਸੋਸ ਵਿਚ ਬਦਲ ਗਿਆ। ਹਾਲਾਂਕਿ ‘ਆਪ’ ਵਲੰਟੀਅਰਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਦੀਆਂ ਚੋਣਾਂ ਵਿਚ ਜਨਤਾ ਦੇ ਫਤਵੇ ਨੂੰ ਖਿੜੇ-ਮੱਥੇ ਸਵੀਕਾਰ ਕਰਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਕ ਨਵੀਂ ਪਾਰਟੀ ਨੇ ਪੰਜਾਬ ਦੀਆਂ ਪੁਰਾਣੀਆਂ ਪਾਰਟੀਆਂ ਨੂੰ ਸਖਤ ਟੱਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ ਅਤੇ ਅਗਲੀ ਵਾਰ ਪੰਜਾਬ ਵਿਚ ਆਪ ਦੀ ਸਰਕਾਰ ਜ਼ਰੂਰ ਬਣੇਗੀ। ਇਨ੍ਹਾਂ ਹਾਲਾਂ ਵਿਚ ‘ਨਵਾਂ ਸਵੇਰਾ, ਨਵਾਂ ਪੰਜਾਬ’ ਅਤੇ ‘ਸਾਡਾ ਪੰਜਾਬ, ਖੁਸ਼ਹਾਲ ਪੰਜਾਬ’ ਸਿਰਲੇਖਾਂ ਅਧੀਨ ਪ੍ਰੋਗਰਾਮਾਂ ਦਾ ਆਯੋਜਨ ਕੀਤੇ ਗਏ ਸਨ। ਕੈਨੇਡਾ ਦੇ ਪਰਵਾਸੀ ਪੰਜਾਬੀਆਂ ਨੇ ਖਾਸ ਤੌਰ ‘ਤੇ ਪੰਜਾਬ ਵਿਚ ਆ ਕੇ ‘ਆਪ’ ਲਈ ਪ੍ਰਚਾਰ ਕੀਤਾ ਸੀ।