ਘਰੇਲੂ ਲੜਾਈ-ਝਗੜੇ ਪਾਉਂਦੇ ਹਨ ਬੱਚਿਆਂ ‘ਤੇ ਬੁਰਾ ਪ੍ਰਭਾਵ

ਘਰੇਲੂ ਲੜਾਈ-ਝਗੜੇ ਪਾਉਂਦੇ ਹਨ ਬੱਚਿਆਂ ‘ਤੇ ਬੁਰਾ ਪ੍ਰਭਾਵ

0 0

ਜਿਸ ਘਰ ਵਿਚ ਹਮੇਸ਼ਾ ਪਤੀ-ਪਤਨੀ ਵੱਲੋਂ ਲੜਾਈ-ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ, ਉਥੇ ਅਕਸਰ ਹੀ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਣਾ ਕੁਦਰਤੀ ਹੈ | ਪਰ ਇਸ ਦੇ ਉਲਟ ਜਿਸ ਘਰ ਵਿਚ ਅਮਨ ਚੈਨ ਅਤੇ ਪਿਆਰ ਦਾ ਮਾਹੌਲ ਹੁੰਦਾ ਹੈ, ਉਥੇ ਬੱਚੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਯੋਜਨਾਬੱਧ ਢੰਗ ਨਾਲ ਹੁੰਦਾ ਹੈ | ਪਰ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਘਰਾਂ ਵਿਚ ਤੰੂ-ਤੰੂ, ਮੈਂ-ਮੈਂ ਅਤੇ ਖਿਝਾ-ਖਫੀ ਵਾਲਾ ਮਾਹੌਲ ਪਾਇਆ ਜਾਂਦਾ ਹੈ, ਜਿਸ ਦਾ ਬੱਚਿਆਂ ‘ਤੇ ਬਹੁਤ ਬੁਰੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਪ੍ਰਭਾਵ ਪੈਂਦਾ ਹੈ |
ਮਾਨਸਿਕ ਪ੍ਰਭਾਵ : ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਘਰ ਵਿਚ ਪਤੀ-ਪਤਨੀ ਕ੍ਰੋਧ ਦਾ ਸ਼ਿਕਾਰ ਹੋ ਕੇ ਆਪਸ ਵਿਚ ਗੁਥਮਗੁੱਥਾ ਹੋਏ ਰਹਿੰਦੇ ਹਨ, ਉਥੇ ਬੱਚੇ ਸਿਹਤਮੰਦ ਰਹਿਨੁਮਾਈ ਹਾਸਲ ਕਰਨ ਤੋਂ ਵਾਂਝੇ ਰਹਿ ਕੇ ਡਰ ਅਤੇ ਸਹਿਮ ਦਾ ਜੀਵਨ ਗੁਜ਼ਾਰਦੇ ਹਨ | ਇਸ ਤਰ੍ਹਾਂ ਦੇ ਮਾਹੌਲ ਵਿਚ ਬੱਚੇ ਲਾਡ-ਪਿਆਰ ਤੋਂ ਵੀ ਵਾਂਝੇ ਰਹਿੰਦੇ ਹਨ ਅਤੇ ਖੁੱਲ੍ਹ ਕੇ ਮਨ ਦੀ ਗੱਲ ਵੀ ਨਹੀਂ ਕਰ ਸਕਦੇ | ਇਸ ਤਰ੍ਹਾਂ ਦਾ ਮਾਰੂ ਪ੍ਰਭਾਵ ਬੱਚਿਆਂ ਵਿਚ ਸਵੈਮਾਣ ਅਤੇ ਆਤਮਵਿਸ਼ਵਾਸ ਦੀ ਭਾਵਨਾ ਦਾ ਦਮਨ ਕਰਦਾ ਹੈ | ਜਦੋਂ ਮਾਤਾ-ਪਿਤਾ ਆਪਣੇ ਹੀ ਝਗੜਿਆਂ ਵਿਚ ਉਲਝੇ ਰਹਿਣ ਤਾਂ ਵਿਚਾਰੇ ਬੱਚਿਆਂ ਵੱਲ ਕਿਸ ਨੇ ਧਿਆਨ ਦੇਣਾ ਹੈ? ਕਈ ਵਾਰੀ ਪਤੀ-ਪਤਨੀ ਕ੍ਰੋਧ ਵਿਚ ਸੜਦੇ-ਬਲਦੇ ਹੋਏ ਆਪਣੇ ਬੱਚਿਆਂ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਸਾਰੇ ਕ੍ਰੋਧ ਦਾ ਭਾਂਡਾ ਬੱਚਿਆਂ ਦੇ ਸਿਰ ‘ਤੇ ਭੱਜਦਾ ਹੈ | ਇਸ ਤਰ੍ਹਾਂ ਦੇ ਘੁਟਵੇਂ ਵਾਤਾਵਰਨ ਵਿਚ ਬੱਚਿਆਂ ਦੇ ਮਨਾਂ ਵਿਚ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਦਾ ਵਿਕਸਤ ਹੋਣਾ ਸੰਭਵ ਹੈ ਅਤੇ ਉਨ੍ਹਾਂ ਦਾ ਭਵਿੱਖ ਤਬਾਹ ਹੋ ਸਕਦਾ ਹੈ |
ਸਰੀਰਕ ਪ੍ਰਭਾਵ : ਜਿਹੜੇ ਬੱਚੇ ਨਿਰੰਤਰ ਘੁਟਵੇਂ ਵਾਤਾਵਰਨ ਵਿਚ ਜੀਵਨ ਗੁਜ਼ਾਰਦੇ ਹਨ, ਉਨ੍ਹਾਂ ਦੀ ਮਾਨਸਿਕ ਅਵਸਥਾ ਦਾ ਉਨ੍ਹਾਂ ਦੇ ਸਰੀਰ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਹ ਕੱਦ-ਕਾਠ ਵਿਚ ਕਮਜ਼ੋਰ ਅਤੇ ਅਸਵਸਥ ਰਹਿ ਸਕਦੇ ਹਨ | ਇਹ ਸਿੱਧ ਹੋ ਚੁੱਕਾ ਹੈ ਕਿ ਝਗੜੇ, ਫਸਾਦ ਅਤੇ ਕਲੇਸ਼ ਦੇ ਮਾਹੌਲ ਵਿਚ ਪਲ ਰਹੇ ਬੱਚੇ ਕ੍ਰੋਧੀ ਅਤੇ ਖਿਝੂ ਹੋਣ ਕਰਕੇ ਸਰੀਰਕ ਤੌਰ ‘ਤੇ ਕਮਜ਼ੋਰ ਰਹਿੰਦੇ ਹਨ | ਪ੍ਰਯੋਗ ਕਰਨ ਲਈ ਕੁਝ ਬੱਚਿਆਂ ਨੂੰ ਚੁਣਿਆ ਗਿਆ, ਜੋ ਘਰੇਲੂ ਝਗੜੇ ਦੇ ਮਾਹੌਲ ਵਿਚ ਪਲ ਰਹੇ ਸਨ ਅਤੇ ਡਰ ਅਤੇ ਸਹਿਮ ਦਾ ਸ਼ਿਕਾਰ ਸਨ ਪਰ ਜਦੋਂ ਉਨ੍ਹਾਂ ਨੂੰ ਆਜ਼ਾਦ ਮਾਹੌਲ ਵਿਚ ਰੱਖਿਆ ਗਿਆ ਤਾਂ ਉਹ ਦਿਮਾਗੀ ਅਤੇ ਸਰੀਰਕ ਤੌਰ ‘ਤੇ ਨਾਰਮਲ ਅਵਸਥਾ ਵਿਚ ਆ ਗਏ | ਜਦੋਂ ਉਨ੍ਹਾਂ ਨੂੰ ਵਾਪਸ ਘਰ ਭੇਜਿਆ ਗਿਆ ਤਾਂ ਉਨ੍ਹਾਂ ਦੀ ਵਿਕਸਤ ਹੋ ਰਹੀ ਸ਼ਖ਼ਸੀਅਤ ਫਿਰ ਸੁੰਗੜਨ ਲੱਗੀ | ਮਨੁੱਖ ਦੇ ਸਰੀਰ ਵਿਚ ਇਕ ਵਿਸ਼ੇਸ਼ ਪ੍ਰਕਾਰ ਦੀ ਹਰਾ ਹੁੰਦੀ ਹੈ, ਜਿਸ ਨੂੰ ਪੀ ਟਿਊਸ਼ਰੀ ਹਰਾ ਕਹਿੰਦੇ ਹਨ | ਇਹ ਹਰਾ ਇਕ ਲੇਸਦਾਰ ਪਦਾਰਥ ਛੱਡਦੀ ਹੈ, ਜੋ ਲਹੂ ਨਾਲ ਮਿਲ ਕੇ ਸਰੀਰ ਦੀਆਂ ਦੂਜੀਆਂ ਰਗਾਂ ਵਿਚ ਪ੍ਰਵੇਸ਼ ਕਰਦਾ ਹੈ |