ਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਜ਼ਰਾ ਸੋਚੋ

ਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਜ਼ਰਾ ਸੋਚੋ

0 0

ਆਪਣੀ ਧੀ ਬਾਰੇ ਤੁਹਾਡੀ ਜ਼ਿੰਦਗੀ ਦਾ ਇਕ ਫੈਸਲਾ ਤੁਹਾਡੀ ਧੀ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਧੀ ਦੀ ਜ਼ਿੰਦਗੀ ਦਾ ਇਹ ਬਦਲ ਚੰਗਾ ਵੀ ਹੋ ਸਕਦਾ ਹੈ, ਬੁਰਾ ਵੀ ਹੋ ਸਕਦਾ ਹੈ। ਇਸ ਲਈ ਧੀ ਦੀ ਜ਼ਿੰਦਗੀ ਦਾ ਇਹ ਅਹਿਮ ਫ਼ੈਸਲਾ ਕਰਨ ਤੋਂ ਪਹਿਲਾਂ ਇਸ ਦੇ ਸਾਰੇ ਪੱਖਾਂ ਨੂੰ ਵਿਚਾਰ ਲੈਣਾ ਜ਼ਰੂਰੀ ਹੈ। ਇਸ ਰਿਸ਼ਤੇ ਲਈ ਕਦੇ ਜਲਦਬਾਜ਼ੀ ਨਾ ਕਰੋ। ਕਿਸੇ ਉੱਪਰ ਵੀ ਅੰਨ੍ਹਾ ਵਿਸ਼ਵਾਸ ਕਰਨ ਦੀ ਬਜਾਏ ਜਾਂਚ-ਪੜਤਾਲ ਨੂੰ ਪਹਿਲ ਦਿਓ। ਇਸ ਜਾਂਚ-ਪੜਤਾਲ ਲਈ ਆਪਣੇ ਭਰੋਸੇਯੋਗ ਸਬੰਧੀ ਜਾਂ ਰਿਸ਼ਤੇਦਾਰ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਧੀ ਦੇ ਰਿਸ਼ਤੇ ਲਈ ਮੁੰਡੇ ਵਾਲਿਆਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖੋ, ਪਰ ਇਸ ਨੂੰ ਆਪਣੇ ਫ਼ੈਸਲੇ ਦਾ ਮੁੱਖ ਆਧਾਰ ਨਾ ਬਣਾਓ। ਮੁੰਡੇ ਦੀ ਯੋਗਤਾ, ਲਿਆਕਤ, ਕਿੱਤਾ, ਉਮਰ, ਸਿਹਤ ਅਤੇ ਆਮਦਨ ਤੋਂ ਇਲਾਵਾ ਉਸ ਦੇ ਪਰਿਵਾਰ ਦਾ ਸਮਾਜਿਕ ਰੁਤਬਾ ਵੀ ਵਿਚਾਰਨਯੋਗ ਹੈ। ਵਿਖਾਵਾ ਕਰਨ ਨਾਲ ਮਨ ਨੂੰ ਕਦੇ ਵੀ ਤਸੱਲੀ ਨਹੀਂ ਮਿਲਦੀ। ਫੜ੍ਹਾਂ ਮਾਰਨ ਵਾਲੇ ਦੇ ਪੈਰ ਕਦੇ ਧਰਤੀ ਉੱਪਰ ਨਹੀਂ ਹੁੰਦੇ। ਹਾਥੀ ਦੇ ਦੰਦ ਦੇਖਣ ਲਈ ਹੋਰ ਅਤੇ ਖਾਣ ਲਈ ਹੋਰ ਹੁੰਦੇ ਹਨ। ਸਿਰਫ ਕੰਨਾਂ ਨਾਲ ਸੁਣੀਆਂ ਸਿਫਤਾਂ ਕਈ ਵਾਰ ਸੱਚ ਨਹੀਂ ਹੁੰਦੀਆਂ ਅਤੇ ਅੱਖੀਂ ਦੇਖ ਕੇ ਕੀਤੇ ਫ਼ੈਸਲੇ ਜ਼ਿੰਦਗੀ ਦਾ ਜ਼ਖ਼ਮ ਬਣ ਜਾਂਦੇ ਹਨ। ਇਸ ਲਈ ਆਪਣੇ ਦਿਮਾਗ, ਬੁੱਧੀ ਅਤੇ ਅਕਲ ਦੀ ਵੀ ਵਰਤੋਂ ਕਰੋ। ਚਾਦਰ ਦੇਖ ਕੇ ਪੈਰ ਪਸਾਰੋ। ਵਿਦੇਸ਼ ਭੇਜਣ ਦੇ ਲਾਲਚ ਵਿਚ ਧੀਆਂ ਨਾਲ ਧੋਖੇ ਵੀ ਹੋ ਜਾਂਦੇ ਹਨ। ਉਸ ਸੋਨੇ ਦਾ ਕੋਈ ਲਾਭ ਨਹੀਂ, ਜੋ ਆਪਣੇ ਹੀ ਕੰਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵੱਡੀ ਜਾਇਦਾਦ ਜ਼ਰੂਰੀ ਨਹੀਂ ਕਿ ਤੁਹਾਡੀ ਧੀ ਲਈ ਸੁੱਖ ਦਾ ਆਧਾਰ ਬਣੇ। ਆਪਣੀ ਕਮਾਈ ਕਰਨ ਵਾਲਾ ਭਾਵੇਂ ਬਹੁਤਾ ਅਮੀਰ ਨਾ ਵੀ ਹੋਵੇ ਪਰ ਉਹ ਇਕ ਖੁਸ਼ਹਾਲ ਜ਼ਿੰਦਗੀ ਦਾ ਮਾਲਕ ਹੁੰਦਾ ਹੈ। ਤੁਹਾਡੇ ਬਣਨ ਵਾਲੇ ਜਵਾਈ ਦਾ ਆਤਮ-ਨਿਰਭਰ ਹੋਣਾ ਜ਼ਰੂਰੀ ਹੈ, ਤਾਂ ਕਿ ਜ਼ਿੰਦਗੀ ਦੀਆਂ ਆਮ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਦੂਜਿਆਂ ਕੋਲ ਹੱਥ ਨਾ ਅੱਡਣੇ ਪੈਣ। ਲਾਇਕ ਬੱਚੇ ਥੋੜ੍ਹੀ ਤੋਂ ਵੀ ਜ਼ਿਆਦਾ ਬਣਾ ਲੈਂਦੇ ਹਨ ਪਰ ਨਾਲਾਇਕ ਬੱਚੇ ਜ਼ਿਆਦਾ ਨੂੰ ਵੀ ਗੁਆ ਦਿੰਦੇ ਹਨ। ਬੱਚਿਆਂ ਨੂੰ ਆਪਣੇ ਮਨਸੂਬਿਆਂ ਲਈ ਨਾ ਵਰਤੋ, ਬਲਕਿ ਉਨ੍ਹਾਂ ਨੂੰ ਇਸ ਲਾਇਕ ਬਣਾਓ ਕਿ ਉਹ ਆਪਣੇ ਬਾਰੇ ਆਪ ਸੋਚ ਸਕਣ। ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਹੁਨਰਮੰਦ ਅਤੇ ਅਕਲਮੰਦ ਬਣਾਓ, ਤਾਂ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਰ ਸਕਣ। ਆਪਣੇ ਬਾਰੇ ਆਪ ਫ਼ੈਸਲਾ ਕਰ ਸਕਣ। ਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਜੇਕਰ ਮਨ ਦੁਚਿੱਤੀ ਵਿਚ ਹੋਵੇ, ਸਥਿਤੀ ਸਪੱਸ਼ਟ ਨਾ ਹੋਵੇ ਤਾਂ ਕਿਸੇ ਆਪਣੇ ਦੀ ਝਿਜਕ ਨਾ ਰੱਖੋ, ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਇਨਕਾਰ ਕਰ ਦਿਓ। ਪੜ੍ਹੀ-ਲਿਖੀ ਬੱਚੀ ਨਾਲ ਸਲਾਹ ਕਰੋ। ਪਛਤਾਵਾ ਵਿਛੋੜੇ ਨਾਲੋਂ ਜ਼ਿਆਦਾ ਦੁਖਦਾਈ ਹੁੰਦਾ ਹੈ।