ਵਾਈਟ ਹਾਊਸ ‘ਚ ਮਿਲਣਗੇ ਟਰੂਡੋ ਤੇ ਟਰੰਪ

ਵਾਈਟ ਹਾਊਸ ‘ਚ ਮਿਲਣਗੇ ਟਰੂਡੋ ਤੇ ਟਰੰਪ

0 1263

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪਹਿਲੀ ਮੁਲਾਕਾਤ ਕਰਨਗੇ। ਦੁਨੀਆ ਦੇ ਇਨ੍ਹਾਂ ਦੋ ਦਿੱਗਜ਼ ਨੇਤਾਵਾਂ ਦੀ ਪਹਿਲੀ ਮਿਲਣੀ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹੁਣ ਤੱਕ ਇਨ੍ਹਾਂ ਦੋਹਾਂ ਆਗੂਆਂ ਨੇ ਸਿਰਫ ਫੋਨ ‘ਤੇ ਹੀ ਇਕ-ਦੂਜੇ ਨਾਲ ਗੱਲਾਂ ਕੀਤੀਆਂ ਹਨ ਪਰ ਸੋਮਵਾਰ ਨੂੰ ਇਹ ਪਹਿਲੀ ਵਾਰ ਇਕ-ਦੂਜੇ ਦੇ ਰੂ-ਬ-ਰੂ ਹੋਣਗੇ ਤਾਂ ਮੌਕਾ ਕੁਝ ਖਾਸ ਹੋਵੇਗਾ। ਟਰੂਡੋ ਦੇ ਆਫਿਸ ਵੱਲੋਂ ਦੱਸਿਆ ਗਿਆ ਕਿ ਟਰੂਡੋ, ਟਰੰਪ ਨਾਲ ਕੈਨੇਡਾ ਅਤੇ ਅਮਰੀਕਾ ਦਰਮਿਆਨ ਵਿਲੱਖਣ ਸੰਬੰਧਾਂ ਬਾਰੇ ਗੱਲਬਾਤ ਕਰਨਗੇ ਤੇ ਇਸ ਮੁੱਦੇ ‘ਤੇ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਕਿ ਮੱਧ ਵਰਗੀ ਕੈਨੇਡੀਅਨਾਂ ਅਤੇ ਅਮਰੀਕੀਆਂ ਲਈ ਦੋਵੇਂ ਦੇਸ਼ ਮਿਲ ਕੇ ਕੀ ਕਰ ਸਕਦੇ ਹਨ। ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਦੋਵੇਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਟਰੰਪ ਅਤੇ ਟਰੂਡੋ ਉਸਾਰੂ ਗੱਲਬਾਤ ਕਰਨਗੇ। ਕਿਊਬਿਕ ਸ਼ਹਿਰ ਵਿਚ ਮਸਜਿਦ ‘ਤੇ ਹੋਏ ਘਾਤਕ ਹਮਲੇ ਤੋਂ ਬਾਅਦ ਪਿਛਲੇ ਮਹੀਨੇ ਟਰੰਪ ਨੇ ਟਰੂਡੋ ਨਾਲ ਗੱਲਬਾਤ ਕੀਤੀ ਸੀ। ਟਰੂਡੋ ਨੇ 21 ਜਨਵਰੀ ਨੂੰ ਵੀ ਟਰੰਪ ਨੂੰ ਨਵੀਂ ਸ਼ੁਰੂਆਤ ਲਈ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਟਰੂਡੋ ਅਗਲੇ ਹਫਤੇ 16 ਤੇ 17 ਫਰਵਰੀ ਨੂੰ ਫਰਾਂਸ ਅਤੇ ਜਰਮਨੀ ਦਾ ਦੌਰਾ ਵੀ ਕਰਨਗੇ, ਜਿੱਥੇ ਉਨ੍ਹਾਂ ਦੇ ਯੂਰਪੀਅਨ ਸੰਸਦ ਨੂੰ ਸੰਬੋਧਨ ਕੀਤੇ ਜਾਣ ਦੀ ਵੀ ਸੰਭਾਵਨਾ ਹੈ। ਬਰਾਕ ਓਬਾਮਾ ਦੇ ਅਮਰੀਕਾ ਦੇ ਰਾਸ਼ਟਰਪਤੀ ਰਹਿੰਦੇ ਕੈਨੇਡਾ ਅਤੇ ਅਮਰੀਕਾ ਦੇ ਸੰਬੰਧ ਬਹੁਤ ਵਧੀਆ ਸਨ। ਟਰੂਡੋ ਅਤੇ ਓਬਾਮਾ ਦੀ ਦੋਸਤੀ ਵੀ ਸੁਰਖੀਆਂ ਦਾ ਵਿਸ਼ਾ ਬਣੀ ਸੀ ਪਰ ਹੁਣ ਡੋਨਾਲਡ ਟਰੰਪ ਨਾਲ ਟਰੂਡੋ ਦੇ ਸੰਬੰਧ ਕਿਸ ਤਰ੍ਹਾਂ ਦੇ ਹੋਣਗੇ, ਇਹ ਦੇਖਣਾ ਦਿਲਚਸਪ ਹੋਵੇਗਾ।