ਸਹੁਰੇ ਘਰ ਜਾਣ ਤੋਂ ਪਹਿਲਾਂ ਬੇਟੀ ਨੂੰ ਦੱਸੋ ਇਹ ਗੱਲਾਂ

ਸਹੁਰੇ ਘਰ ਜਾਣ ਤੋਂ ਪਹਿਲਾਂ ਬੇਟੀ ਨੂੰ ਦੱਸੋ ਇਹ ਗੱਲਾਂ

0 0

ਹਰ ਲੜਕੀ ਨੇ ਇਕ ਦਿਨ ਮਾਪਿਆਂ ਦਾ ਘਰ ਛੱਡ ਕੇ ਸਹੁਰੇ-ਘਰ ਜਾਣਾ ਹੀ ਹੁੰਦਾ ਹੈ ਅਤੇ ਉਸ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਨੂੰ ਵਰ-ਘਰ ਦੋਵੇਂ ਹੀ ਚੰਗੇ ਮਿਲਣ, ਸਹੁਰੇ-ਘਰ ਉਸ ਦਾ ਮਾਣ-ਸਤਿਕਾਰ ਹੋਵੇ ਅਤੇ ਉਹ ਇਕ ਕਾਮਯਾਬ ਗ੍ਰਹਿਣੀ ਬਣ ਕੇ ਆਪਣਾ ਵਿਆਹੁਤਾ ਜੀਵਨ ਸੁਖੀ ਬਤੀਤ ਕਰ ਸਕੇ। ਇਸ ਪ੍ਰਾਪਤੀ ਲਈ ਉਸ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਉਹ ਸਹੁਰੇ ਘਰ ਨੂੰ ਬੇਗਾਨਾ ਨਹੀਂ, ਆਪਣਾ ਹੀ ਘਰ ਸਮਝੇ। ਸੱਸ-ਸਹੁਰੇ ਨੂੰ ਆਪਣੇ ਮਾਂ-ਬਾਪ ਦਾ ਦਰਜਾ ਹੀ ਨਾ ਦੇਵੇ, ਸਗੋਂ ਉਨ੍ਹਾਂ ਨੂੰ ਆਪਣੇ ਹੀ ਮਾਤਾ-ਪਿਤਾ ਸਮਝੇ ਅਤੇ ਉਨ੍ਹਾਂ ਤੋਂ ਵੀ ਵੱਧ ਸਤਿਕਾਰ ਦੇਵੇ ਤਾਂ ਕੋਈ ਕਾਰਨ ਹੀ ਨਹੀਂ ਕਿ ਸੱਸ-ਸਹੁਰਾ ਉਸ ਨੂੰ ਧੀਆਂ ਵਾਲਾ ਪਿਆਰ ਨਾ ਦੇਣ। ਇਸੇ ਤਰ੍ਹਾਂ ਘਰ ਦੇ ਛੋਟੇ-ਵੱਡੇ ਜੀਆਂ ਨੂੰ ਵੀ ਮਾਣ-ਸਤਿਕਾਰ ਦਿਓ। ਘਰ ਦੇ ਵਾਤਾਵਰਨ ਅਨੁਸਾਰ ਆਪਣੇ-ਆਪ ਨੂੰ ਢਾਲ ਲਓ। ਜਿਥੇ ਤੁਹਾਨੂੰ ਕੁਝ ਗ਼ਲਤ ਲਗਦਾ ਹੈ, ਉਥੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ। ਅਗਲੀ ਜ਼ਰੂਰੀ ਗੱਲ ਇਹ ਹੈ ਕਿ ਤੁਹਾਨੂੰ ਰਸੋਈ ਦੇ ਕੰਮ ਵਿਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਚਾਹੇ ਲੜਕੀ ਪੜ੍ਹੀ-ਲਿਖੀ ਹੈ ਜਾਂ ਨੌਕਰੀ ਕਰਦੀ ਹੈ, ਭੋਜਨ ਬਣਾਉਣ ਦਾ ਕੰਮ ਆਉਣਾ ਬਹੁਤ ਜ਼ਰੂਰੀ ਹੈ। ਪੇਕੇ ਘਰ ਤਾਂ ਸਰ ਜਾਂਦਾ ਹੈ ਪਰ ਸਹੁਰੇ ਘਰ ਮੁਸ਼ਕਿਲਾਂ ਆ ਸਕਦੀਆਂ ਹਨ।
ਨਵੀਂ-ਨਵੀਂ ਵਹੁਟੀ ਨੂੰ ਗੁਆਂਢ ਦੀਆਂ ਔਰਤਾਂ ਵੀ ਮਿਲਣ ਆਉਂਦੀਆਂ ਹਨ। ਉਨ੍ਹਾਂ ਦੀ ਗੱਲਬਾਤ ਧਿਆਨ ਨਾਲ ਸੁਣੋ, ਕੋਈ ਗੱਲ ਪੁੱਛਣ ਤਾਂ ਸੋਚ-ਸਮਝ ਕੇ ਜਵਾਬ ਦਿਓ। ਇਸ ਗੱਲ ਦਾ ਖਿਆਲ ਰੱਖੋ ਕਿ ਉਹ ਤੁਹਾਡੇ ਸਹੁਰੇ ਘਰ ਦੀ ਉਕਸਾਊ ਗੱਲਬਾਤ ਤਾਂ ਨਹੀਂ ਕਰਦੀਆਂ। ਕਿਉਂਕਿ ਲਗਾਈ-ਬੁਝਾਈ ਕਰਨ ਵਾਲੀਆਂ ਔਰਤਾਂ ਦੂਜੇ ਦੇ ਘਰ ‘ਚ ਲੜਾਈ ਕਰਵਾ ਕੇ ਤਮਾਸ਼ਾ ਦੇਖਣ ਦਾ ਸ਼ੌਕ ਰੱਖਦੀਆਂ ਹਨ। ਇਨ੍ਹਾਂ ਦੀ ਇਸ ਚਲਾਕੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਘਰ ਵਿਚ ਮਹਿਮਾਨ ਆ ਜਾਣ ਤਾਂ ਸਭ ਦਾ ਖਿੜੇ ਮੱਥੇ ਸੁਆਗਤ ਕਰੋ। ਤੁਹਾਡੇ ਪੇਕਿਆਂ ਤੋਂ ਹੋਣ ਜਾਂ ਸੱਸ ਦੇ ਪੇਕਿਆਂ ਤੋਂ ਜਾਂ ਸ਼ਰੀਕੇ-ਭਾਈਚਾਰੇ ਦੇ ਹੋਣ, ਬਿਨਾਂ ਵਿਤਕਰੇ ਸਭ ਦਾ ਆਦਰ ਕਰਨਾ ਜ਼ਰੂਰੀ ਹੈ। ਚਾਹ ਨਾਲ ਕੀ ਦੇਣਾ ਹੈ, ਰੋਟੀ ਵਿਚ ਕੀ-ਕੀ ਬਣੇ, ਇਸ ਵਿਚ ਸੱਸ ਦੀ ਸਲਾਹ ਜ਼ਰੂਰ ਲਵੋ। ਅਗਰ ਕੁਝ ਤਬਦੀਲੀ ਕਰਨੀ ਹੈ ਤਾਂ ਆਪਣੀ ਰਾਇ ਵੀ ਜ਼ਰੂਰ ਦਿਓ। ਤੁਸੀਂ ਖਾਣੇ ਵਿਚ ਕੀ ਦਿੱਤਾ, ਇਸ ਦਾ ਕੋਈ ਖਾਸ ਮਹੱਤਵ ਨਹੀਂ, ਮੁੱਲ ਇਸ ਗੱਲ ਦਾ ਪੈਂਦਾ ਹੈ ਕਿ ਤੁਸੀਂ ਖਾਣਾ ਖਿੜੇ ਮੱਥੇ ਖੁਆਇਆ ਕਿ ਬੱਝੇ-ਰੁੱਝੇ। ਇਸ ਤੋਂ ਅਗਲੀ ਗੱਲ ਆਉਂਦੀ ਹੈ ਰਿਸ਼ਤੇਦਾਰੀਆਂ ਵਿਚ ਆਉਣ-ਜਾਣ ਦੀ। ਇਕ ਗੱਲ ਘੁੱਟ ਕੇ ਪੱਲੇ ਬੰਨ੍ਹ ਲਓ, ਜਿਸ ਘਰ ਵਿਚ ਜਾਂ ਰਿਸ਼ਤੇਦਾਰੀ ਵਿਚ ਤੁਹਾਡੇ ਸਹੁਰੇ ਪਰਿਵਾਰ ਦਾ ਮੇਲ-ਜੋਲ ਨਹੀਂ, ਉਥੇ ਕਦੇ ਭੁੱਲ ਕੇ ਵੀ ਨਾ ਜਾਓ।