ਹਰ ਰੋਜ਼ ਖ਼ਤਰੇ ਨਾਲ ਖੇਡਦੀ ਹੈ ਨਾਰੀ ਯਾਤਰਾ ਦੌਰਾਨ

ਹਰ ਰੋਜ਼ ਖ਼ਤਰੇ ਨਾਲ ਖੇਡਦੀ ਹੈ ਨਾਰੀ ਯਾਤਰਾ ਦੌਰਾਨ

0 0

ਨਾਰੀ ਦਾ ਘਰ ਤੋਂ ਬਾਹਰ ਨਿਕਲਣਾ ਅੱਜ ਲਗਪਗ ਲੋੜ ਬਣਦੀ ਜਾ ਰਹੀ ਹੈ | ਨਾਰੀ ਚਾਹੇ ਅਧਿਆਪਕ ਹੋਵੇ, ਕਿਸੇ ਸੰਸਥਾ ਵਿਚ ਕਲਰਕ ਹੋਵੇ ਜਾਂ ਕਿਸੇ ਫੈਕਟਰੀ ਵਿਚ ਪੁਰਜੇ ਜੋੜਨ ਵਾਲੀ ਇਕ ਸਾਧਾਰਨ ਔਰਤ ਹੋਵੇ, ਰੋਜ਼ਮਰ੍ਹਾ ਦੀ ਯਾਤਰਾ ਦੌਰਾਨ ਨਾਰੀ ਦੇ ਨਾਲ ਅਜਿਹੇ ਹਾਦਸੇ ਹੋ ਜਾਂਦੇ ਹਨ ਜੋ ਦਿਲ ਦਹਿਲਾਉਣ ਲਈ ਕਾਫੀ ਹੁੰਦੇ ਹਨ | ਨਾਰੀ ਰੋਜ਼ ਅਪਮਾਨ ਦਾ ਘੁੱਟ ਪੀਣ ਲਈ ਮਜਬੂਰ ਹੋ ਜਾਂਦੀ ਹੈ | ਜੇ ਕਦੇ ਨਾਰੀ ਆਵਾਜ਼ ਉਠਾਉਂਦੀ ਹੈ ਤਾਂ ਲੋਕਾਂ ਦੀਆਂ ਨਿਗਾਹਾਂ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੰਦੀਆਂ ਹਨ |
ਸੜਕ ‘ਤੇ ਨਿਕਲਦੇ ਸਮੇਂ ਉਸ ਨੂੰ ਨਾ ਜਾਣੇ ਕਿੰਨੀਆਂ ਹੀ ਅਸ਼ਲੀਲ ਨਿਗਾਹਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ | ਰਾਹ ਵਿਚ ਖੜ੍ਹੇ ਅਵਾਰਾ ਲੜਕਿਆਂ ਦੀ ਛੇੜਛਾੜ ਅਤੇ ਬਦਜ਼ੁਬਾਨੀ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਉਹ ਚੁੱਪਚਾਪ ਇਸ ਮਾਨਸਿਕ ਪੀੜਾ ਨੂੰ ਸਹਿਣ ਲਈ ਮਜਬੂਰ ਹੁੰਦੀ ਹੈ | ਕਦੇ ਆਟੋ ਵਾਲਾ ਤੇ ਕਦੇ ਕੋਈ ਰਿਕਸ਼ੇ ਵਾਲਾ ਫਿਕਰਾ ਕੱਸ ਦਿੰਦਾ ਹੈ ਜਾਂ ਕਦੇ ਕੋਈ ਸਾਈਕਲ ਵਾਲਾ ਬੁਰੀ ਨਜ਼ਰ ਨਾਲ ਦੇਖਦਾ ਹੈ |
ਦਫਤਰ ਆਉਣ-ਜਾਣ ਦੇ ਸਮੇਂ ਬੱਸਾਂ ਜਾਂ ਸਥਾਨਕ ਰੇਲਾਂ ਵਿਚ ਗਿਣਤੀ ਤੋਂ ਜ਼ਿਆਦਾ ਲੋਕ ਭਰੇ ਹੁੰਦੇ ਹਨ | ਅਜਿਹੀ ਸਥਿਤੀ ਵਿਚ ਉਸ ਨੂੰ ਆਪਣੇ ਨਾਲ ਛੇੜਛਾੜ ਨੂੰ ਬੇਵਜ੍ਹਾ ਬਰਦਾਸ਼ਤ ਕਰਨਾ ਪੈਂਦਾ ਹੈ ਅਤੇ ਬੁਰੀ ਪ੍ਰਵਿਰਤੀ ਦੇ ਲੋਕਾਂ ਦੀ ਤਾਂ ਚਾਂਦੀ ਹੀ ਹੋ ਜਾਂਦੀ ਹੈ | ਅਜਿਹੇ ਲੋਕ ਜਾਂ ਤਾਂ ਉਸ ਨਾਲ ਲੱਗ ਕੇ ਨਿਕਲਦੇ ਹਨ ਜਾਂ ਉਸ ਨੂੰ ਮਾੜੀ ਨਜ਼ਰ ਨਾਲ ਘੂਰਦੇ ਹਨ | ਅਜਿਹੇ ਵਿਚ ਨਾਰੀ ਮਾਨਸਿਕ ਰੂਪ ਨਾਲ ਮਜਬੂਰ ਹੋ ਜਾਂਦੀ ਹੈ | ਯੌਨ ਉਤਪੀੜਨ ਦਾ ਮਤਲਬ ਕੇਵਲ ਜਬਰ-ਜਨਾਹ ਹੀ ਨਹੀਂ ਹੁੰਦਾ, ਸਗੋਂ ਕਿਸੇ ਵੀ ਅਜਿਹੀ ਅਣਮਨੁੱਖੀ ਛੇੜਛਾੜ ਨਾਲ ਹੁੰਦਾ ਹੈ, ਜਿਸ ਨਾਲ ਨਾਰੀ ਨੂੰ ਮਾਨਸਿਕ ਠੇਸ ਪਹੁੰਚਦੀ ਹੈ |ਮਜਬੂਰ ਨਾਰੀ ਇਸ ਘਟਨਾ ਦੇ ਲਈ ਕਿਸੇ ਕੋਲ ਸ਼ਿਕਾਇਤ ਵੀ ਨਹੀਂ ਕਰਦੀ, ਨਾ ਬਾਪ ਨਾਲ, ਨਾ ਹੀ ਭਰਾ ਨਾਲ | ਹੋਰ ਤਾਂ ਹੋਰ, ਉਹ ਮਿੱਤਰਾਂ ਦੇ ਨਾਲ ਵੀ ਜ਼ਿਕਰ ਨਹੀਂ ਕਰਦੀ, ਕਿਉਂਕਿ ਦੱਸਣ ਤੋਂ ਬਾਅਦ ਉਹ ਮਖੌਲ ਦਾ ਪਾਤਰ ਬਣ ਜਾਂਦੀ ਹੈ |