Kids

0 0

ਹੰਕਾਰੀ ਵਿਅਕਤੀ ਸਦਾ ਹਾਰਦੇ ਆਏ ਹਨ ਅਤੇ ਅਖੀਰ ‘ਚ ਹੰਕਾਰ ਨਾਲ ਭਰਿਆ ਉਨ੍ਹਾਂ ਦਾ ਸਿਰ ਦੂਜਿਆਂ ਦੇ ਪੈਰਾਂ ‘ਚ ਝੁਕਦਾ ਹੀ ਹੈ | ਉਹ ਲੋਕਾਂ ਨੂੰ ਸਦਾ ਦੁਖੀ ਕਰਦਾ ਰਹਿੰਦਾ | ਉਸ ਦੇ ਦਿਲ ਵਿਚ ਸਾਧਾਂ, ਸੰਤਾਂ ਅਤੇ ਫਕੀਰਾਂ ਲਈ ਬੜੀ ਨਫਰਤ ਭਰੀ ਹੋਈ ਸੀ | ਜਦੋਂ ਕਿਧਰੇ ਉਹ ਕਿਸੇ ਫਕੀਰ ਨੂੰ ਦੇਖ ਲੈਂਦਾ, ਉਸ ਨੂੰ ਪਾਖੰਡੀ ਤੇ ਠਗ ਕਹਿ ਕੇ ਉਸ ਦੀ ਬੇਇੱਜ਼ਤੀ ਕਰਦਾ | ਇਕ ਵਾਰ ਜੈ ਦੇਵ ਨਾਂਅ ਦੇ ਉਸ ਸਿਪਾਹੀ ਨੂੰ ਆਪਣੇ ਘਰ ਜਾਂਦੇ ਸਮੇਂ ਰਾਹ ਵਿਚ ਇਕ ਫਕੀਰ ਮਿਲ ਗਿਆ | ਜੈ ਦੇਵ ਆਪਣੇ ਹੋਛੇਪਨ ਅਤੇ ਹੰਕਾਰ ਕਰਕੇ ਜਾਣ-ਬੁੱਝ ਕੇ ਉਸ ਫਕੀਰ ਨਾਲ ਖਹਿ ਕੇ ਲੰਘਿਆ | ਉਸ ਦੀ ਇਸ ਮੰਦੀ ਹਰਕਤ ਕਰਕੇ ਫਕੀਰ ਦੇ ਹੱਥ ਵਿਚ ਫੜਿਆ ਭਿੱਖਿਆ ਪ੍ਰਾਪਤ ਕਰਨ ਵਾਲਾ ਕਛਕੌਲ ਹੇਠਾਂ ਡਿਗ ਕੇ ਟੁੱਟ ਗਿਆ | ਫਕੀਰ ਨੇ ਸਿਪਾਹੀ ਨੂੰ ਕਿਹਾ, ‘ਏਨੀ ਆਕੜ ਤੇ ਹੰਕਾਰ ਚੰਗਾ ਨਹੀਂ ਹੁੰਦਾ | ਸਭ ਨੇ ਰੱਬ ਨੂੰ ਜਾਨ ਦੇਣੀ ਏ |’ ਫਕੀਰ ਨੇ ਏਨਾ ਕਿਹਾ ਹੀ ਸੀ ਕਿ ਸਿਪਾਹੀ ਗਾਲ੍ਹਾਂ ਕੱਢਦਾ ਹੋਇਆ ਉਸ ਦੇ ਲੱਤਾਂ-ਮੁੱਕੇ ਮਾਰਨ ਲੱਗਾ | ਫਕੀਰ ਨੇ ਅੱਗਿਓਾ ਧੀਰਜ ਨਾਲ ਕਿਹਾ, ‘ਜਾਹ, ਰੱਬ ਤੈਨੂੰ ਤਰੱਕੀ ਬਖਸ਼ੇ | ਵਧੇਂ-ਫੁੱਲੇਂ, ਥਾਣੇਦਾਰ ਬਣ ਜਾਵੇਂ |’ ਸਿਪਾਹੀ ਜੈ ਰਾਮ ਇਹ ਅਸੀਸਾਂ ਸੁਣ ਕੇ ਹੱਕਾ-ਬੱਕਾ ਰਹਿ ਗਿਆ | ਉਸ ਦੀ ਹੈਰਾਨੀ ਇਹ ਸੋਚ ਕੇ ਪ੍ਰੇਸ਼ਾਨੀ ਵਿਚ ਬਦਲ ਗਈ ਕਿ ‘ਮੈਂ ਤਾਂ ਫਕੀਰ ਨੂੰ ਮਾਰਿਆ-ਕੁੱਟਿਆ ਅਤੇ ਗਾਲ੍ਹਾਂ ਦਿੱਤੀਆਂ ਹਨ | ਉਸ ਦਾ ਘੋਰ ਅਪਮਾਨ ਕੀਤਾ ਹੈ ਪਰ ਉਸ ਨੇ ਅੱਗਿਓਾ ਅਸੀਸਾਂ ਦਿੱਤੀਆਂ ਹਨ | ਲਗਦਾ ਇਹ ਕੋਈ ਕਰਨੀ ਵਾਲਾ ਰੱਬ ਤੱਕ ਪਹੁੰਚਿਆ ਫਕੀਰ ਹੈ | ਕੁਝ ਦਿਨ ਬਾਅਦ ਫਕੀਰ ਦੀ ਦਿੱਤੀ ਦੁਆ ਪੂਰੀ ਹੋ ਗਈ | ਸਿਪਾਹੀ ਜੈ ਦੇਵ ਸੱਚੀ-ਮੁੱਚੀ ਥਾਣੇਦਾਰ ਬਣ ਗਿਆ | ਇਸ ਤਰ੍ਹਾਂ ਅਚਨਚੇਤ ਹੋਈ ਉਸ ਦੀ ਤਰੱਕੀ ਨੇ ਉਸ ਨੂੰ ਅਹਿਸਾਸ ਕਰਾਇਆ ਕਿ ਇਹ ਚਮਤਕਾਰ ਸੱਚਮੁੱਚ ਉਸ ਫਕੀਰ ਦੀ ਅਸੀਸ ਕਰਕੇ ਵਾਪਰਿਆ | ਉਸ ਨੂੰ ਬੇਹੱਦ ਪਛਤਾਵਾ ਹੋਇਆ ਕਿ ਉਹਨੇ ਉਸ ਫਕੀਰ ਨਾਲ ਦੁਰਵਿਵਹਾਰ ਕਿਉਂ ਕੀਤਾ ਸੀ? ਪਸ਼ਚਾਤਾਪ ਦੀ ਅੱਗ ਵਿਚ ਸੜਦਾ ਉਹ ਸ਼ਹਿਰ-ਸ਼ਹਿਰ, ਨਗਰ-ਨਗਰ ਅਤੇ ਜੰਗਲ ‘ਚ ਜਾ ਕੇ ਲੱਗਾ ਉਸ ਫਕੀਰ ਨੂੰ ਲੱਭਣ | ਅੰਤ ਇਕ ਜੰਗਲ ‘ਚੋਂ ਥਾਣੇਦਾਰ ਬਣੇ ਸਿਪਾਹੀ ਨੂੰ ਉਹ ਕਰਨੀ ਵਾਲਾ ਫਕੀਰ ਲੱਭ ਪਿਆ | ਉਹ ਫਕੀਰ ਦੇ ਚਰਨਾਂ ‘ਚ ਢਹਿ ਪਿਆ ਅਤੇ ਲੱਗਾ ਮੁਆਫੀਆਂ ਮੰਗਣ | ਉਸ ਦਾ ਹੰਕਾਰ ਮਿਟ ਗਿਆ | ਉਹ ਬੜੇ ਆਦਰ ਅਤੇ ਮਾਣ ਨਾਲ ਫਕੀਰ ਨੂੰ ਆਪਣੇ ਘਰ ਲੈ ਕੇ ਆਇਆ | ਉਸ ਦੀ ਪਤਨੀ ਹੋਰ ਸਾਰੇ ਪਰਿਵਾਰ ਨੇ ਉਸ ਫਕੀਰ ਦੀ ਚੰਗੀ ਆਓ ਭਗਤ ਅਤੇ ਸੇਵਾ ਕੀਤੀ | ਚੰਗਾ ਭੋਜਨ ਉਸ ਨੂੰ ਛਕਾਇਆ | ਅੰਤ ਜਦੋਂ ਅਸੀਸਾਂ ਦਿੰਦੇ ਹੋਏ ਫਕੀਰ ਉਸ ਦੇ ਘਰੋਂ ਰੁਖ਼ਸਤ ਹੋਣ ਲੱਗਾ ਤਾਂ ਥਾਣੇਦਾਰ ਦੇ ਨੇਤਰਾਂ ‘ਚੋਂ ਹੰਝੂਆਂ ਦੀ ਝੜੀ ਲੱਗ ਗਈ |

0 0

ਇਹ ਇਨ੍ਹਾਂ ਦਿਨਾਂ ਦੀ ਹੀ ਗੱਲ ਹੈ ਕਿ ਪੰਜਾਬ ਦੇ ਇਕ ਪਿੰਡ ਦੇ ਇਕ ਘਰ ਵਿਚ ਬਹੁਤ ਸਾਰੇ ਚੂਹੇ ਰਹਿੰਦੇ ਸਨ | ਉਨ੍ਹਾਂ ਵਿਚ ਖੂਬੀ ਸੀ ਕਿ ਸਾਰੇ ਰਲ-ਮਿਲ ਕੇ ਇਕੱਠੇ ਬੜੇ ਪਿਆਰ ਨਾਲ ਆਪਣੀਆਂ-ਆਪਣੀਆਂ ਖੁੱਡਾਂ ਵਿਚ ਰਹਿੰਦੇ ਸਨ | ਸਭ ਅਲੱਗ-ਅਲੱਗ ਕੰਮ ਕਰਦੇ ਅਤੇ ਸਾਂਝੇ ਚੁੱਲ੍ਹੇ ‘ਤੇ ਹੀ ਆਪਣਾ ਖਾਣਾ ਤਿਆਰ ਕਰਕੇ, ਵੰਡ ਕੇ ਖਾ ਲੈਂਦੇ, ਕਿਉਂਕਿ ਮਰਨ ਤੋਂ ਪਹਿਲਾਂ ਉਨ੍ਹਾਂ ਦੇ ਇਕ ਬਜ਼ੁਰਗ ਚੂਹੇ ਨੇ ਸਾਰਿਆਂ ਨੂੰ ਇਕ ਕਿਸਾਨ ਦੇ ਚਾਰ ਪੁੱਤਰਾਂ ਵਾਲੀ ‘ਏਕਤਾ ਵਿਚ ਬਲ ਹੈ’ ਦੀ ਕਹਾਣੀ ਸੁਣਾਈ ਸੀ ਅਤੇ ਨਾਲ ਹੀ ਨਸੀਹਤ ਕੀਤੀ ਸੀ ਕਿ ਇਕੱਠੇ ਰਹਿਣਾ, ਨਹੀਂ ਤਾਂ ਡੰਡਿਆਂ ਵਾਂਗ ਇਕ-ਇਕ ਕਰਕੇ ਟੁੱਟ ਜਾਵੋਗੇ | ਸਾਰੇ ਚੂਹੇ ਖੂਬ ਮੌਜਾਂ ਕਰਦੇ ਅਤੇ ਘਰ ਵਿਚ ਹਰ ਇਕ ਦੀ ਗੱਲ ਮੰਨਦੇ | ਉਨ੍ਹਾਂ ਨੇ ਕੰਮਾਂ ਅਨੁਸਾਰ ਹੀ ਪਹਿਚਾਣ ਲਈ ਚੂਹਿਆਂ ਦੇ ਵੱਖ-ਵੱਖ ਨਾਂਅ ਰੱਖ ਦਿੱਤੇ ਸਨ | ਸਭ ਤੋਂ ਬਜ਼ੁਰਗ ਦਾ ਨਾਂਅ ਸਿਆਣੂ, ਦੁੱਧ ਵਾਲੇ ਦਾ ਨਾਂਅ ਮਿਲਕੂ, ਮਿਸਰੀ ਲੈ ਕੇ ਆਉਣ ਵਾਲੇ ਦਾ ਨਾਂਅ ਮਿਸਰੂ, ਇਸੇ ਤਰ੍ਹਾਂ ਆਟੇ ਵਾਲੇ ਦਾ ਆਟੂ, ਹਰ ਵੇਲੇ ਟੱਲ-ਟੱਲ ਗਾਉਣ ਵਾਲੇ ਨੂੰ ਟੱਲੂ ਅਤੇ ਇਕ ਨਸ਼ੇ ਕਰਨ ਵਾਲੇ ਦਾ ਨਾਂਅ ਅਮਲੀ ਰੱਖ ਦਿੱਤਾ | ਬਹੁਤ ਖੁਸ਼ ਰਹਿਣ ਦੇ ਬਾਵਜੂਦ ਉਹ ਸਾਰੇ ਘਰ ਵਿਚ ਆਉਣ ਵਾਲੀ ਇਕ ਬਿੱਲੀ ਤੋਂ ਬਹੁਤ ਪ੍ਰੇਸ਼ਾਨ ਸਨ | ਸਿਆਣੂ ਚੂਹੇ ਨੇ ਸਮੱਸਿਆ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਰੇ ਚੂਹਿਆਂ ਦੀ ਸਭਾ ਬੁਲਾਈ ਤਾਂ ਕਿ ਸਮੱਸਿਆ ਦਾ ਹੱਲ ਲੱਭਿਆ ਜਾਵੇ | ਸਭ ਹਾਜ਼ਰ ਸਨ ਅਤੇ ਹੱਲ ਲਈ ਦਿਮਾਗੀ ਪਲਾਓ ਪਕਾ ਰਹੇ ਸਨ | ਏਨੇ ਨੂੰ ਅਮਲੀ ਚੂਹਾ ਸ਼ਰਾਬੀ ਹਾਲਤ ਵਿਚ ਸਭਾ ਵਿਚ ਬੁੜਬੁੜਾਉਂਦਾ ਆਇਆ, ‘ਓਹ! ਅੱਜ ਮੇਰਾ ਬਿੱਲੀ ਖਾਣ ਨੂੰ ਜੀਅ ਕਰਦਾ’ ਅਤੇ ਆਟੂ ਨੇ ਉਸ ਨੂੰ ਕੁਰਸੀ ‘ਤੇ ਬੈਠਣ ਲਈ ਕਿਹਾ | ਉਹ ਬੈਠਣ ਲੱਗਾ ਡਿਗ ਗਿਆ | ਸਿਆਣੂ ਨੇ ਸੰਭਲ ਕੇ ਬੈਠਣ ਲਈ ਤਾਕੀਦ ਕੀਤੀ ਤਾਂ ਉਹ ਆਰਾਮ ਨਾਲ ਬੈਠ ਗਿਆ | ਪਰ ਚੂਹਿਆਂ ਨੂੰ ਕੋਈ ਹੱਲ ਨਹੀਂ ਸੀ ਲੱਭ ਰਿਹਾ |
ਏਨੀ ਦੇਰ ਨੂੰ ‘ਅੰਦਰ ਵੜਦਾ, ਵਿੜਕ ਨਹੀਂ ਕਰਦਾ, ਬਾਬੇ ਗਲ ਟੱਲ ਪਾ ਦਿਓ’ ਗਾਉਂਦਾ ਟੱਲੂ ਚੂਹਾ ਸਭਾ ਵਿਚ ਦਾਖਲ ਹੋਇਆ ਤਾਂ ਮਿਲਕੂ ਤੁਰੰਤ ਬੋਲ ਪਿਆ | ਹਾਂ-ਹਾਂ ਆਪਾਂ ਬਿੱਲੀ ਗਲ ਟੱਲੀ ਬੰਨ੍ਹ ਦਿੰਦੇ ਹਾਂ, ਜਦੋਂ ਆਵੇਗੀ ਤਾਂ ਪਤਾ ਲੱਗ ਜਾਊ | ਸਿਆਣੂ ਨੇ ਪੁੱਛਿਆ, ‘ਮੂਰਖਾ! ਬਿੱਲੀ ਦੇ ਗਲ ਟੱਲੀ ਬੰਨ੍ਹੇਗਾ ਕੌਣ?’ ਅਮਲੀ ਬੋਲਿਆ, ‘ਮੈਂ ਬੰਨ੍ਹਾਂਗਾ ਮੈਂ, ਪਰ ਸਭ ਨੂੰ ਮੇਰੀ ਗੱਲ ਮੰਨਣੀ ਪੈਣੀ ਏ |’ ਬਿਨਾਂ ਰੁਕੇ ਉਹ ਬੋਲਦਾ ਗਿਆ, ‘ਮਿਲਕੂ ਦੁੱਧ ਲੈ ਕੇ ਆਏਗਾ, ਮਿਸਰੂ ਉਸ ਵਿਚ ਮਿਸਰੀ ਲਿਆ ਕੇ ਪਾਵੇਗਾ ਅਤੇ ਟੱਲੂ, ਰੱਸੀ ਸਮੇਤ ਇਕ ਟੱਲੀ ਲੈ ਕੇ ਆਵੇਗਾ, ਬਾਕੀ ਕੰਮ ਮੇਰਾ |’ ਸਾਰੇ ਚੂਹੇ ਸੋਚਣ ਲੱਗ ਪਏ, ਪਰ ਸਿਆਣੂ ਨੇ ਅਜਿਹਾ ਹੀ ਕਰਨ ਦਾ ਹੁਕਮ ਦਿੱਤਾ |
ਸਮੇਂ ਅਨੁਸਾਰ ਦੁੱਧ, ਮਿਸਰੀ ਅਤੇ ਰੱਸੀ ਸਮੇਤ ਟੱਲੀ ਆ ਗਏ ਤਾਂ ਅਮਲੀ ਚੂਹਾ ਨਾਲ ਦੀ ਕੈਮਿਸਟ ਦੀ ਦੁਕਾਨ ਤੋਂ ਨਸ਼ੇ ਦੀਆਂ 4-5 ਗੋਲੀਆਂ ਚੁੱਕ ਲਿਆਇਆ ਅਤੇ ਮਿਸਰੀ ਸਮੇਤ ਦੁੱਧ ਵਿਚ ਘੋਲ ਦਿੱਤੀਆਂ | ਜਦੋਂ ਬਿੱਲੀ ਆਈ, ਸਾਰੇ ਚੂਹੇ ਖੁੱਡਾਂ ਵਿਚ ਜਾ ਵੜੇ ਅਤੇ ਸਿਰ ਕੱਢ ਕੇ ਦੁੱਧ ਵੱਲ ਦੇਖਣ ਲੱਗੇ | ਬਿੱਲੀ ਨੇ ਮਿੱਠਾ ਦੁੱਧ ਬੜੇ ਹੀ ਸੁਆਦ ਨਾਲ ਪੀਤਾ, ਪਰ ਪੀਂਦੇ ਸਾਰ ਹੀ ਨਸ਼ੇ ਦੀ ਲੋਰ ਵਿਚ ਬੇਹੋਸ਼ ਹੋ ਕੇ ਡਿੱਗ ਪਈ | ਹੁਣ ਅਮਲੀ ਚੂਹਾ ਟੱਲੀ ਸਮੇਤ ਉਸ ਉੱਤੇ ਚੜ੍ਹ ਗਿਆ ਅਤੇ ਬੜੇ ਪਿਆਰ ਨਾਲ ਉਸ ਦੇ ਗਲ ਵਿਚ ਟੱਲੀ ਘੁੱਟ ਕੇ ਬੰਨ੍ਹ ਦਿੱਤੀ | ਸਭ ਦੇਖਦੇ ਰਹੇ ਕਿ ਕੀ ਹੁੰਦਾ ਹੈ? ਬੜੀ ਦੇਰ ਬਾਅਦ ਬਿੱਲੀ ਨੂੰ ਹੋਸ਼ ਆਈ, ਉਹ ਉੱਠੀ ਅਤੇ ਟੱਲੀ ਵੱਜਣ ਲੱਗੀ | ਬਿੱਲੀ ਡਰ ਜਿਹੀ ਗਈ ਅਤੇ ਆਪਣੇ ਪੰਜਿਆਂ ਨਾਲ ਖੋਲ੍ਹਣ ਦਾ ਯਤਨ ਕਰਨ ਲੱਗੀ | ਜਿਉਂ-ਜਿਉਂ ਪੰਜੇ ਮਾਰਦੀ, ਟੱਲੀ ਜ਼ਿਆਦਾ ਖੜਕਦੀ | ਬਿੱਲੀ ਡਰਦੀ ਗਲੀ ਵਿਚ ਦੌੜ ਗਈ | ਉਧਰ ਗਲੀ ਦੇ ਬੱਚੇ, ‘ਓਏ! ਬਿੱਲੀ ਗਲ ਟੱਲੀ, ਬਿੱਲੀ ਗਲ ਟੱਲੀ’ ਦਾ ਸ਼ੋਰ ਮਚਾਉਂਦੇ ਹੋਏ ਬਿੱਲੀ ਮਗਰ ਦੌੜ ਪਏ | ਬਿੱਲੀ ਡਰਦੀ ਪਿੰਡ ਤੋਂ ਬਾਅਦ ਕਮਾਦ ਵਿਚ ਜਾ ਵੜੀ, ਬੱਚੇ ਵਾਪਸ ਆ ਗਏ |

0 0

ਇਕ ਸੰਘਣੇ ਜੰਗਲ ਵਿਚ ਇਕ ਪੁਰਾਣੇ ਜਿਹੇ ਖੂਹ ਦੇ ਕੋਲ 3-4 ਵੱਡੇ ਦਰੱਖਤ ਸਨ, ਜਿਥੇ ਕਿ ਕਈ ਪ੍ਰਜਾਤੀਆਂ ਦੇ ਪੰਛੀ ਰਹਿੰਦੇ ਸਨ | ਉਹ ਹਮੇਸ਼ਾ ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਈ ਹੁੰਦੇ ਸਨ | ਜਦੋਂ ਵੀ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਤਾਂ ਉਹ ਮਿਲ-ਜੁਲ ਕੇ ਉਸ ਨੂੰ ਹੱਲ ਕਰ ਲੈਂਦੇ ਸਨ | ਮਹੀਨੇ ਵਿਚ ਉਹ ਇਕ ਪਾਰਟੀ ਵੀ ਕਰਦੇ ਸਨ, ਜਿਸ ਵਿਚ ਆਪਣਾ ਮਨੋਰੰਜਨ ਕਰਨ ਲਈ ਨੱਚਦੇ-ਟੱਪਦੇ ਸਨ | ਇਕ ਵਾਰ ਸਾਰੇ ਪੰਛੀਆਂ ਨੇ ਇਕ ਬੈਠਕ ਕਰਨ ਦਾ ਵਿਚਾਰ ਕੀਤਾ ਅਤੇ ਮੋਰ ਦੀ ਅਗਵਾਈ ਵਿਚ ਬੈਠਕ ਰੱਖੀ ਗਈ | ਬੈਠਕ ਵਿਚ ਜੰਗਲ ਵਿਚ ਰਹਿੰਦੇ ਕਾਫੀ ਗਿਣਤੀ ਵਿਚ ਪੰਛੀਆਂ ਨੇ ਭਾਗ ਲਿਆ | ਮੋਰ ਨੇ ਬੈਠਕ ਦੇ ਏਜੰਡੇ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਆਪੋ-ਆਪਣੀ ਨਿੱਜੀ ਪ੍ਰੇਸ਼ਾਨੀ ‘ਤੇ ਗੱਲ ਕਰਾਂਗੇ ਅਤੇ ਜਿਸ ਨੂੰ ਕੋਈ ਪ੍ਰੇਸ਼ਾਨੀ ਹੈ, ਉਹ ਖੜ੍ਹੇ ਹੋ ਕੇ ਦੱਸ ਸਕਦਾ ਹੈ | ਮੋਰ ਨੇ ਸਭ ਤੋਂ ਪਹਿਲਾਂ ਆਪਣੀ ਪ੍ਰੇਸ਼ਾਨੀ ਦੱਸਦਿਆਂ ਕਿਹਾ, ‘ਵੇਖੋ ਕੁਦਰਤ ਨੇ ਉਸ ਨੂੰ ਕਿੰਨੇ ਸੋਹਣੇ ਪੰਖ ਦਿੱਤੇ ਹਨ ਅਤੇ ਉਹ ਪੈਲਾਂ ਪਾਉਂਦਾ ਹੈ ਤਾਂ ਸਭ ਉਸ ਨੂੰ ਦੇਖਦੇ ਰਹਿ ਜਾਂਦੇ ਹਨ | ਉਸ ਨੇ ਆਪਣੇ ਪੈਰਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਪੈਰ ਬਹੁਤ ਭੱਦੇ ਹਨ ਜੋ ਕਿ ਉਸ ਨਾਲ ਬੇਇਨਸਾਫੀ ਹੈ |’ ਕੋਇਲ ਨੇ ਆਪਣੀ ਪ੍ਰੇਸ਼ਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਕੁਦਰਤ ਨੇ ਉਸ ਨੂੰ ਕਿੰਨੀ ਸੋਹਣੀ ਆਵਾਜ਼ ਤਾਂ ਦਿੱਤੀ ਹੈ ਪਰ ਰੰਗ ਸ਼ਾਹ ਕਾਲਾ ਦਿੱਤਾ ਹੈ, ਜਿਸ ਨੂੰ ਮੈਂ ਮਹਿਸੂਸ ਕਰਦੀ ਹਮੇਸ਼ਾ ਝੂਰਦੀ ਰਹਿੰਦੀ ਹਾਂ |’ ਕਾਂ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ‘ਮੈਂ ਆਪਣੀ ਸਿਆਣਪ ਨੂੰ ਕੀ ਕਰਾਂ, ਰੰਗ ਕਾਲਾ, ਆਵਾਜ਼ ਫਟੇ ਬਾਂਸ ਵਰਗੀ ਦੇ ਪ੍ਰਤੀ ਮੈਨੂੰ ਹਮੇਸ਼ਾ ਦੁੱਖ ਰਹਿੰਦਾ ਹੈ |’ ਇਸੇ ਹੀ ਤਰ੍ਹਾਂ ਤੋਤਾ, ਉੱਲੂ, ਗੁਟਾਰ, ਚਿੜੀ, ਕਬੂਤਰ ਤੇ ਹੋਰ ਪੰਛੀਆਂ ਨੇ ਆਪੋ-ਆਪਣੀ ਪ੍ਰੇਸ਼ਾਨੀ ਦਾ ਜ਼ਿਕਰ ਕੀਤਾ |
ਅਖੀਰ ਵਿਚ ਫੈਸਲਾ ਕੀਤਾ ਗਿਆ ਕਿ ਜੰਗਲ ਵਿਚ ਬਣੇ ਉੱਚੇ ਟਿੱਲੇ ‘ਤੇ ਬੈਠ ਕੇ ਕੁਦਰਤ ਦੇ ਖਿਲਾਫ ਧਰਨਾ ਦਿੱਤਾ ਜਾਵੇ ਅਤੇ ਧਰਨੇ ‘ਤੇ ਰੋਜ਼ਾਨਾ ਵੱਖ-ਵੱਖ ਪ੍ਰਜਾਤੀ ਦੇ ਸਾਰੇ ਪੰਛੀ ਇਕੱਠੇ ਹੋ ਕੇ ਰੋਸ ਪ੍ਰਗਟ ਕਰਨਗੇ | ਮਿਥੇ ਸਮੇਂ ‘ਤੇ ਧਰਨਾ ਸ਼ੁਰੂ ਹੋ ਗਿਆ | ਮੋਰਾਂ ਨੇ ਸਭ ਤੋਂ ਪਹਿਲਾਂ ਧਰਨਾ ਸ਼ੁਰੂ ਕੀਤਾ | ਇਸ ਤਰ੍ਹਾਂ 5-6 ਦਿਨ ਬੀਤ ਗਏ ਅਤੇ ਪੰਛੀਆਂ ਨੇ ਆਪਣਾ ਧਰਨਾ ਜਾਰੀ ਰੱਖਿਆ | ਪੰਛੀਆਂ ਦੇ ਧਰਨੇ ਦੀ ਗੱਲ ਰੱਬ ਕੋਲ ਪੁੱਜ ਗਈ | ਉਸ ਨੇ ਆਪਣੇ ਦੂਤ ਨੂੰ ਸਥਿਤੀ ਦਾ ਜਾਇਜ਼ਾ ਲੈਣ ਲਈ ਧਰਤੀ ‘ਤੇ ਭੇਜ ਦਿੱਤਾ | ਦੂਤ ਨੇ ਸਾਰੀ ਰਿਪੋਰਟ ਇਕੱਠੀ ਕਰਕੇ ਰੱਬ ਕੋਲ ਜਾ ਕੇ ਪੇਸ਼ ਕਰ ਦਿੱਤੀ | ਰੱਬ ਨੇ ਸਲਾਹ ਕੀਤੀ ਕਿ ਪੰਛੀਆਂ ਨੂੰ ਕਿਵੇਂ ਸਮਝਾਇਆ ਜਾਵੇ | ਅਖੀਰ ਉਸ ਨੇ ਆਪ ਹੀ ਧਰਤੀ ‘ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ | ਰੱਬ ਪੰਛੀਆਂ ਦੇ ਧਰਨੇ ਵਾਲੀ ਥਾਂ ‘ਤੇ ਦੇਵਤੇ ਦੇ ਰੂਪ ਵਿਚ ਪ੍ਰਗਟ ਹੋ ਗਿਆ | ਉਸ ਨੇ ਪੰਛੀਆਂ ਨੂੰ ਇਕੱਠਾ ਕਰਕੇ ਸਮਝਾਇਆ ਕਿ ਸਾਰੀ ਕਾਇਨਾਤ ਕੁਦਰਤ ਦੀ ਰਜ਼ਾ ਵਿਚ ਰਹਿ ਰਹੀ ਹੈ ਅਤੇ ਤੁਹਾਨੂੰ ਵੀ ਕੁਦਰਤ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ | ਉਸ ਨੇ ਇਹ ਵੀ ਦੱਸਿਆ ਕਿ ਸਬਰ-ਸੰਤੋਖ ਵਿਚ ਹੀ ਸੁਖ ਹੁੰਦਾ ਹੈ | ਉਸ ਨੇ ਹੋਰ ਅਨੇਕਾਂ ਉਦਾਹਰਨਾਂ ਦੇ ਕੇ ਪੰਛੀਆਂ ਨੂੰ ਸਮਝਾ ਦਿੱਤਾ |

0 0

ਇਹ ਗੱਲ ਪੁਰਾਣੇ ਸਮੇਂ ਦੀ ਹੈ | ਕਿਸੇ ਤੇਲੀ ਕੋਲ ਇਕ ਗਧਾ ਤੇ ਇਕ ਬਲਦ ਸੀ | ਉਹ ਬਲਦ ਨੂੰ ਕੋਹਲੂ ‘ਤੇ ਜੋੜਦਾ ਤੇ ਸਾਰਾ ਦਿਨ ਬਲਦ ਦਾ ਪਸੀਨਾ ਨਾ ਸੁੱਕਦਾ | ਸਾਰੀ ਰਾਤ ਵਿਚ ਬਲਦ ਦਾ ਮਸਾਂ ਥਕੇਵਾਂ ਉਤਰਦਾ ਅਤੇ ਦੂਜੇ ਦਿਨ ਫਿਰ ਬਲਦ ਕੋਹਲੂ ‘ਤੇ ਜੁੜ ਜਾਂਦਾ ਤੇ ਗਧੇ ਨੂੰ ਤੇਲੀ ਮਹੀਨੇ ਵਿਚ ਇਕ-ਦੋ ਵਾਰ ਸ਼ਹਿਰ ਤੋਂ ਸੌਦਾ ਲੈਣ ਲਈ ਲੈ ਜਾਂਦਾ | ਬਾਕੀ ਸਮਾਂ ਵਿਹਲਾ ਗਧਾ ਸਾਰਾ ਦਿਨ ਰੂੜੀਆਂ ‘ਤੇ ਲਿਟਦਾ, ਨਰਮ ਘਾਹ ਖਾਂਦਾ ਤੇ ਦੁਲੱਤੇ ਮਾਰਦਾ ਰਹਿੰਦਾ | ਇਕ ਦਿਨ ਗਧੇ ਨੇ ਬਲਦ ਨੂੰ ਕਿਹਾ ਕਿ ‘ਤੰੂ ਬਹੁਤ ਕੰਮ ਕਰਦੈਂ, ਤੈਨੂੰ ਰਤਾ ਵੀ ਆਰਾਮ ਨਹੀਂ ਮਿਲਦਾ | ਤੰੂ ਬਿਮਾਰੀ ਦਾ ਬਹਾਨਾ ਬਣਾ ਕੇ ਪੱਠੇ ਘੱਟ ਖਾਹ ਤੇ ਸਵੇਰ ਨੂੰ ਸੁਸਤ ਹੋ ਕੇ ਬੈਠ ਜਾ |’ ਬਲਦ ਨੇ ਗਧੇ ਦੀ ਗੱਲ ਮੰਨ ਲਈ ਤੇ ਉਸੇ ਤਰ੍ਹਾਂ ਕੀਤਾ | ਸਵੇਰ ਨੂੰ ਤੇਲੀ ਨੇ ਦੇਖਿਆ ਕਿ ਬਲਦ ਬਿਮਾਰ ਹੈ | ਕੋਹਲੂ ‘ਤੇ ਸਰ੍ਹੋਂ ਬਹੁਤ ਪਈ ਸੀ | ਤੇਲੀ ਨੇ ਸੋਚ-ਵਿਚਾਰ ਤੋਂ ਬਾਅਦ ਗਧੇ ਨੂੰ ਹੀ ਕੋਹਲੂ ਨਾਲ ਜੋੜ ਦਿੱਤਾ | ਸਾਰਾ ਦਿਨ ਕੋਹਲੂ ‘ਤੇ ਜੁੜਨ ਨਾਲ ਗਧੇ ਦਾ ਵੀ ਤੇਲ ਨਿਕਲ ਗਿਆ | ਗਧਾ ਦੁਲੱਤੇ ਮਾਰਨੇ ਭੁੱਲ ਗਿਆ | ਦੂਜੇ ਦਿਨ ਬਲਦ ਫਿਰ ਸੁਸਤ ਰਿਹਾ | ਤੇਲੀ ਨੇ ਗਧੇ ਨੂੰ ਫਿਰ ਕੋਹਲੂ ਨਾਲ ਜੋੜ ਦਿੱਤਾ | ਹੁਣ ਗਧਾ ਆਪਣੇ ਕੀਤੇ ‘ਤੇ ਪਛਤਾਅ ਰਿਹਾ ਸੀ | ਉਸ ਦੇ ਮਨ ਵਿਚ ਸ਼ਰਾਰਤ ਸੁੱਝੀ | ਉਸ ਨੇ ਬਲਦ ਨੂੰ ਕਿਹਾ ਕਿ ‘ਤੇਲੀ ਕਿਸੇ ਵਪਾਰੀ ਨਾਲ ਗੱਲਾਂ ਕਰਦਾ ਸੀ ਕਿ ਹੁਣ ਬਲਦ ਬੁੱਢਾ ਹੋ ਗਿਆ ਤੇ ਬਿਮਾਰ ਰਹਿੰਦਾ ਹੈ, ਮੈਂ ਇਸ ਨੂੰ ਕਸਾਈਆਂ ਕੋਲ ਵੇਚ ਦੇਵਾਂਗਾ |’ ਗਧੇ ਦੀ ਗੱਲ ਸੁਣ ਕੇ ਬਲਦ ਬਹੁਤ ਡਰ ਗਿਆ ਤੇ ਉਸ ਨੇ ਰਾਤ ਨੂੰ ਸਾਰੇ ਪੱਠੇ ਖਾਧੇ ਤੇ ਅਗਲੇ ਦਿਨ ਉਠ ਕੇ ਖੜ੍ਹਾ ਹੋ ਗਿਆ | ਤੇਲੀ ਨੇ ਠੀਕ ਦੇਖ ਕੇ ਬਲਦ ਨੂੰ ਫਿਰ ਕੋਹਲੂ ‘ਤੇ ਜੋੜ ਦਿੱਤਾ | ਚਲਾਕ ਗਧਾ ਫਿਰ ਰੂੜੀਆਂ ‘ਤੇ ਮਸਤੀ ਕਰਨ ਲੱਗਾ |

0 0

ਬੱਚਿਓ, ਅੱਜ ਸਕੂਲ ਵਿਚ ਹੱਥਾਂ ਦੀ ਇੰਸਪੈਕਸ਼ਨ ਹੈ | ਵੱਡੇ ਇੰਸਪੈਕਟਰ ਨੇ ਇੰਸਪੈਕਸ਼ਨ ਕਰਨ ਆਉਣਾ ਸੀ | ਪੂਰੇ 9 ਵਜੇ ਇੰਸਪੈਕਟਰ ਨੇ ਸਕੂਲੇ ਪਹੁੰਚ ਜਾਣਾ ਸੀ | ਸੋ, ਬੱਚਿਆਂ ਨੂੰ ਅੱਧਾ ਘੰਟਾ ਪਹਿਲਾਂ ਆਉਣ ਲਈ ਕਿਹਾ ਗਿਆ | ਰਜਨੀ ਦੀ ਨੌਵੀਂ ਜਮਾਤ ਦੀਆਂ ਕੁੜੀਆਂ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਈਆਂ ਪਰ ਰਜਨੀ ਲਗਦਾ ਅੱਜ ਲੇਟ ਸੀ | ਉਸ ਦੀ ਜਮਾਤ ਦੀਆਂ ਕੁੜੀਆਂ ਨੇ ਆਪਣੇ ਹੱਥਾਂ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਾਫ ਕੀਤਾ ਸੀ | ਕੋਈ ਨਹੁੰ ਕੱਟ ਕੇ ਆਈ, ਕੋਈ ਨਹੁੰਆਂ ‘ਤੇ ਨੇਲ-ਪਾਲਿਸ਼ ਲਾ ਕੇ ਤੇ ਕੋਈ ਹੱਥਾਂ ਦੀ ਮਾਲਿਸ਼ ਕਰਕੇ ਆਈ, ਤਾਂ ਕਿ ਹੱਥ ਖੂਬਸੂਰਤ ਲੱਗਣ | ਇੰਸਪੈਕਟਰ ਸਾਹਿਬ ਰਜਨੀ ਦੀ ਕਲਾਸ ਵਿਚ ਪਹੁੰਚ ਚੁੱਕੇ ਸਨ | ਇੰਨੇ ਨੂੰ ਰਜਨੀ ਵੀ ਪਹੁੰਚ ਗਈ | ਇੰਸਪੈਕਟਰ ਸਾਹਿਬ ਨੇ ਕੁੜੀਆਂ ਦੇ ਹੱਥ ਦੇਖਣੇ ਸ਼ੁਰੂ ਕੀਤੇ, ਬਹੁਤ ਹੀ ਖੂਬਸੂਰਤ ਲੱਗ ਰਹੇ ਸਨ | ਇੰਨੇ ਨੂੰ ਰਜਨੀ ਦੀ ਵਾਰੀ ਆਈ | ਉਹ ਆਪਣੇ ਹੱਥ ਛੁਪਾਉਣ ਲੱਗ ਪਈ | ਇੰਸਪੈਕਟਰ ਦੇ ਵਾਰ-ਵਾਰ ਕਹਿਣ ‘ਤੇ ਰਜਨੀ ਨੇ ਹੱਥ ਦਿਖਾਏ ਤਾਂ ਉਸ ਦੇ ਹੱਥ ਤਾਂ ਪੂਰੀ ਤਰ੍ਹਾਂ ਧੋਤੇ ਵੀ ਨਹੀਂ ਸੀ | ਹੱਥਾਂ ਵਿਚ ਰੋਟੀ ਬਣਾਉਣ ਤੋਂ ਬਾਅਦ ਆਟਾ ਲੱਗਾ ਹੋਇਆ ਸੀ ਤੇ ਉਹ ਰੋਣ ਲੱਗ ਪਈ, ਕਿਉਂਕਿ ਉਸ ਦੀ ਮਾਂ ਬਚਪਨ ਵਿਚ ਹੀ ਮਰ ਗਈ ਸੀ, ਸਾਰਾ ਕੰਮ ਰਜਨੀ ਨੂੰ ਹੀ ਕਰਨਾ ਪੈਂਦਾ ਸੀ | ਇੰਸਪੈਕਟਰ ਨੇ ਉਸੇ ਵੇਲੇ ਕਿਹਾ, ‘ਬੇਟਾ, ਹੱਥਾਂ ਦੀ ਖੂਬਸੂਰਤੀ ਮਿਹਨਤ ਵਿਚ ਹੀ ਹੁੰਦੀ ਹੈ, ਹੱਥਾਂ ਦੀ ਕਿਰਤ ਵਿਚ ਹੁੰਦੀ ਹੈ | ਸੋ, ਸਭ ਤੋਂ ਵੱਧ ਤੇਰੇ ਹੀ ਹੱਥ ਖੂਬਸੂਰਤ ਹਨ, ਹੱਥਾਂ ਦੀ ਖੂਬਸੂਰਤੀ ਦਾ ਖਿਤਾਬ ਤੈਨੂੰ ਹੀ ਮਿਲੇਗਾ |’ ਰਜਨੀ ਬਹੁਤ ਹੀ ਖੁਸ਼ ਹੋ ਗਈ | ਸੋ, ਬੱਚਿਓ, ਵਿਹਲੇ ਹੱਥ ਖੂਬਸੂਰਤ ਨਹੀਂ ਬਣਦੇ, ਸਗੋਂ ਹੱਥਾਂ ਨਾਲ ਕੀਤੀ ਕਿਰਤ ਹੀ ਹੱਥਾਂ ਨੂੰ ਅਸਲੀ ਖੂਬਸੂਰਤ ਬਣਾਉਂਦੀ ਹੈ |

0 0

ਸਾਡੀ ਧਰਤੀ ਰੰਗ ਬਰੰਗੇ ਪੰਛੀਆਂ ਦਾ ਰੈਣ ਬਸੇਰਾ ਹੈ। ਇਨ੍ਹਾਂ ਖ਼ੂਬਸੂਰਤ ਪੰਛੀਆਂ ਨੂੰ ਦੇਖ ਕੇ ਸਾਡਾ ਮਨ ਝੂਮ ਉੱਠਦਾ ਹੈ। ਸਵੇਰ ਵੇਲੇ ਚਿੜੀਆਂ ਦੀ ਚੀਂ-ਚੀਂ ਸਾਡੇ ਕੰਨਾਂ ਵਿੱਚ ਰਸ ਘੋਲਦੀ ਹੈ, ਪਰ ਕੁਝ ਅਜਿਹੇ ਪੰਛੀ ਹਨ ਜੋ ਦਿਨ ਵੇਲੇ ਸਾਨੂੰ ਉੱਡਦੇ ਦਿਖਾਈ ਨਹੀਂ ਦਿੰਦੇ, ਜਿਵੇਂ ਕਿ ਉੱਲੂ, ਬਿਲਬਤੌਰੀ, ਚਮਗਿੱਦੜ ਅਤੇ ਚਮਚੜਿੱਕ ਆਦਿ। ਅਜਿਹੇ ਪੰਛੀਆਂ ਨੂੰ ਅਸੀਂ ਰਾਤਲ ਪੰਛੀ ਕਹਿੰਦੇ ਹਾਂ। ਅੱਜ ਅਸੀਂ ਰਾਤਲ ਪੰਛੀ ਉੱਲੂ ਬਾਰੇ ਜਾਣਾਂਗੇ ਕਿ ਉਹ ਰਾਤ ਵੇਲੇ ਕਿਵੇਂ ਦੇਖਦੇ ਹਨ?
ਉੱਲੂ ਬਹੁਤ ਹੀ ਦਿਲਚਸਪ ਪੰਛੀ ਹੈ। ਇਸ ਦੀਆਂ ਅੱਖਾਂ ਵੀ ਸਾਡੀਆਂ ਅੱਖਾਂ ਵਾਂਗ ਹੀ ਕੰਮ ਕਰਦੀਆਂ ਹਨ। ਮਨੁੱਖ ਅਤੇ ਉੱਲੂ ਦੀਆਂ ਅੱਖਾਂ ਵਿੱਚ ਦੋ ਤਰ੍ਹਾਂ ਦੇ ਰਿਸੈਪਟਰ ਹੁੰਦੇ ਹਨ: ਕੋਨਜ ਅਤੇ ਰੌਡਜ। ਰੌਡਜ ਦੀ ਸਹਾਇਤਾ ਨਾਲ ਅਸੀਂ ਸਿਰਫ਼ ਕਾਲਾ ਅਤੇ ਸਫ਼ੈਦ ਹੀ ਦੇਖ ਸਕਦੇ ਹਾਂ, ਪਰ ਇਹ ਘੱਟ ਰੌਸ਼ਨੀ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਕੋਨਜ਼ ਦੀ ਸਹਾਇਤਾ ਨਾਲ ਅਸੀਂ ਵੱਖ-ਵੱਖ ਤਰ੍ਹਾਂ ਦੇ ਰੰਗ ਦੇਖ ਸਕਦੇ ਹਾਂ, ਪਰ ਇਹ ਤਾਂ ਹੀ ਕੰਮ ਕਰਦੇ ਹਨ ਜੇ ਕਾਫ਼ੀ ਮਾਤਰਾ ਵਿੱਚ ਰੌਸ਼ਨੀ ਹੋਵੇ। ਉੱਲੂ ਦੀਆਂ ਅੱਖਾਂ ਵਿੱਚ ਕੋਨਜ਼ ਨਾਲੋਂ ਰੌਡਜ ਦੀ ਗਿਣਤੀ ਵਧੇਰੇ ਹੁੰਦੀ ਹੈ ਜਿਸ ਕਾਰਨ ਉਹ ਰਾਤ ਵੇਲੇ ਵਧੇਰੇ ਦੇਖ ਸਕਦੇ ਹਨ। ਇੱਕ ਅਨੁਮਾਨ ਅਨੁਸਾਰ ਰਾਤ ਵੇਲੇ ਉੱਲੂ ਮਨੁੱਖ ਨਾਲੋਂ 35 ਤੋਂ 100 ਗੁਣਾ ਜ਼ਿਆਦਾ ਸਪਸ਼ਟ ਦੇਖ ਸਕਦੇ ਹਨ। ਆਪਣੇ ਸਰੀਰ ਦੇ ਆਕਾਰ ਦੇ ਅਨੁਸਾਰ ਉੱਲੂ ਦੀਆਂ ਅੱਖਾਂ ਕਾਫ਼ੀ ਵੱਡੀਆਂ ਹੁੰਦੀਆਂ ਹਨ। ਅੱਖਾਂ ਦਾ ਆਕਾਰ ਜਿੰਨਾਂ ਵੱਡਾ ਹੋਵੇਗਾ, ਉਨੀ ਹੀ ਰੌਸ਼ਨੀ ਜ਼ਿਆਦਾ ਅੱਖ ਦੇ ਅੰਦਰ ਜਾ ਸਕੇਗੀ ਜੋ ਕਿ ਹਨੇਰੇ ਵਿੱਚ ਉੱਲੂ ਨੂੰ ਦੇਖਣ ਵਿੱਚ ਸਹਾਇਤਾ ਕਰਦੀ ਹੈ। ਉੱਲੂ ਦੀਆਂ ਅੱਖਾਂ ਦੀਆਂ ਪੁਤਲੀਆਂ ਹਨੇਰੇ ਵਿੱਚ ਵਧੇਰੇ ਫੈਲ ਜਾਂਦੀਆਂ ਹਨ ਅਤੇ ਉਸ ਨੂੰ ਹਨੇਰੇ ਵਿੱਚ ਦੇਖਣ ਵਿੱਚ ਸਹਾਇਤਾ ਕਰਦੀਆਂ ਹਨ। ਉੱਲੂ ਚੂਹੇ ਅਤੇ ਹੋਰ ਕੁਤਰਨ ਵਾਲੇ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ। ਇਸ ਲਈ ਇਨ੍ਹਾਂ ਦਾ ਸ਼ਿਕਾਰ ਕਰਨ ਲਈ ਰਾਤ ਵੇਲੇ ਦੇਖਣ ਦੀ ਮਜਬੂਰੀ ਵੀ ਉੱਲੂ ਨੂੰ ਅਜਿਹਾ ਅਨੁਕੂਲਣ ਦਿੰਦੀ ਹੈ ਕਿ ਉਹ ਰਾਤ ਦੇ ਹਨੇਰੇ ਵਿੱਚ ਦੇਖ ਸਕੇ। ਆਮ ਤੌਰ ’ਤੇ ਇਹ ਮੰਨਿਆ ਜਾਂਦਾ ਹੈ ਕਿ ਉੱਲੂ ਦਿਨ ਵੇਲੇ ਨਹੀਂ ਦੇਖ ਸਕਦੇ ਅਤੇ ਉਹ ਦਿਨ ਵੇਲੇ ਸੁਸਤ ਹੁੰਦੇ ਹਨ, ਪਰ ਅਜਿਹਾ ਨਹੀਂ ਹੈ। ਜਿਸ ਤਰ੍ਹਾਂ ਸਾਡੀਆਂ ਪੁਤਲੀਆਂ ਤੇਜ਼ ਰੌਸ਼ਨੀ ਵੇਲੇ ਸੁੰਗੜ ਜਾਂਦੀਆਂ ਹਨ, ਉੱਲੂ ਦੀਆਂ ਪੁਤਲੀਆਂ ਉਸ ਤਰ੍ਹਾਂ ਸੁੰਗੜ ਨਹੀਂ ਸਕਦੀਆਂ। ਇਸ ਲਈ ਦਿਨ ਵੇਲੇ ਉੱਲੂ ਆਪਣੀਆਂ ਅੱਧੀਆਂ ਅੱਖਾਂ ਢੱਕ ਲੈਂਦਾ ਹੈ ਤਾਂ ਕਿ ਤੇਜ਼ ਰੌਸ਼ਨੀ ਉਸ ਦੀਆਂ ਪੁਤਲੀਆਂ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਸ ਤੋਂ ਸਾਨੂੰ ਇੰਜ ਲੱਗਦਾ ਹੈ ਕਿ ਉੱਲੂ ਦਿਨ ਵੇਲੇ ਸੌ ਰਿਹਾ ਹੈ। ਉੱਲੂ ਇੱਕ ਬਹੁਤ ਹੀ ਦਿਲਸਚਪ ਪੰਛੀ ਹੈ। ਉੱਲੂ ਆਪਣੀ ਗਰਦਨ ਨੂੰ 270 ਡਿਗਰੀ ਤਕ ਘੁੰਮਾ ਸਕਦੇ ਹਨ। ਉੱਲੂ ਦੇ ਖੰਭ ਮਖਮਲੀ, ਸੰਘਣੇ ਅਤੇ ਨਰਮ ਹੁੰਦੇ ਹਨ, ਜਿਸ ਕਾਰਨ ਜਦੋਂ ਉਹ ਉੱਡਦੇ ਹਨ ਤਾਂ ਬਹੁਤ ਹੀ ਘੱਟ ਆਵਾਜ਼ ਕਰਦੇ ਹਨ।

0 0

ਮਹਿਕ ਨੇ ਆਪਣੇ ਗੱਲੇ ਵਿਚ ਪੰਜ ਸੌ ਰੁਪਏ ਜੋੜ ਕੇ ਰੱਖੇ ਹੋਏ ਸਨ| ਉਸ ਨੇ ਨਵਾਂ ਸਾਇਕਲ ਖਰੀਦਣਾ ਸੀ| ਉਸ ਦੇ ਪਾਪਾ ਦੀ ਤਨਖਾਹ ਬਹੁਤ ਥੋੜ੍ਹੀ ਸੀ| ਤਨਖਾਹ ਵਿਚੋਂ ਮਹਿਕ ਦੇ ਸਾਇਕਲ ਲਈ ਇਕੱਠੇ ਪੈਸੇ ਕੱਢਣੇ ਮੁਸ਼ਕਲ ਸਨ| ਉਹ ਕਈ ਮਹਿਨਿਆਂ ਤੋਂ ਪੈਸੇ ਜੋੜ ਰਹੀ ਸੀ| ਮਹਿਕ ਨੇ ਸਕੂਲ ਦੇ ਭਾਸ਼ਣ ਮੁਕਾਬਲੇ ਵਿਚ ਸੌ ਰੁਪਏ ਦਾ ਨਕਦ ਇਨਾਮ ਜਿੱਤਿਆ ਸੀ| ਫਿਰ ਕੁਝ ਰੱਦੀ ਵੇਚ ਕੇ ਪੈਸੇ ਜੋੜੇ| ਇਸ ਤਰ੍ਹਾਂ ਮਹਿਕ ਨੂੰ ਜਿੱਥੋਂ ਵੀ ਪੇਸੇ ਮਿਲਦੇ ਉਹ ਆਪਣੇ ਗੱਲੇ ਵਿਚ ਪਾ ਲੈਦੀ ਸੀ|
ਮਹਿਕ, ਤਿਉਹਾਰ ਆ ਰਿਹਾ ਏ| ਤੇਰੇ ਪਾਪਾ ਜੀ ਨੂੰ ਕੰਪਨੀ ਵਾਲੇ ਹਜ਼ਾਰ-ਹਜ਼ਾਰ ਰੁਪਏ ਦਾ ਬੋਨਸ ਦੇ ਰਹੇ ਹਨ| ਜਿਸ ਦਿਨ ਬੋਨਸ ਮਿਲ ਗਿਆ ਉਸ ਦਿਨ ਤੇਰਾ ਨਵਾਂ ਸਾਇਕਲ ਆ ਜਾਵੇਗਾ|
ਮਹਿਕ ਖੁਸ਼ ਹੋ ਗਈ, ਸਕੂਲ ਦੂਰ ਹੈ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸਾਇਕਲ ਹੈ ਮੇਰੇ ਕੋਲ ਨਹੀਂ| ਹੁਣ ਤਾਂ ਮੇਰੇ ਗੱਲੇ ਵਿਚ ਵੀ ਪੰਜ ਸੌ ਰੁਪਏ ਹੋ ਗਏ ਹਨ| ਉਸ ਨੇ ਆਪਣੀ ਮੰਮੀ ਨੂੰ ਦਿਖਾਏ| ਇੰਨੇ ਨੂੰ ਮਹਿਕ ਦਾ ਭਰਾ ਸੋਨੂੰ ਵੀ ਆ ਗਿਆ| ਉਸ ਨੂੰ ਖੇਡਣ ਦਾ ਬਹੁਤ ਸੌਕ ਹੈ| ਫਜੂਲ ਖਰਚੀ ਬਹੁਤ ਕਰਦਾ ਹੈ| ਉਹ ਮਹਿਕ ਨੂੰ ਕਹਿੰਦਾ ਤੂੰ ਬੜੀ ਕੰਜੂਸ ਏਂ| ਪੈਸੇ ਜੋੜਦੀ ਰਹਿੰਦੀ ਏ| ਮੈਂ ਤਾਂ ਨਾਲ ਦੀ ਨਾਲ ਖਾ ਪੀ ਆਉਦਾ ਹਾਂ| ਸੋਨੂੰ ਨੇ ਕਿਹਾ| ਮਹਿਕ ਨੇ ਕਿਹਾ ਹਾਂ ਕਜੂੰਸ ਹਾਂ ਮੈਂ ਕਿਸੇ ਚੰਗੀ ਚੀਜ਼ ਲਈ ਪੈਸੇ ਜੋੜ ਰਹੀ ਹਾਂ| ਫਿਰ ਮੈਂ ਕੱਢ ਲਿਆ ਕਰਾ ਤੇਰੇ ਗੱਲੇ ਵਿਚੋਂ ਮਜਾਕ ਚ ਸੋਨੂੰ ਨੇ ਕਿਹਾ| ਮਹਿਕ ਇਕਦਮ ਬੋਲੀ ਹੱਥ ਤਾਂ ਲਾ ਕੇ ਵੇਖ ਮੇਰੇ ਗੱਲੇ ਨੂੰ| ਮਹਿਕ ਆਪਣਾ ਹੋਮਵਰਕ ਕਰਨ ਲੱਗ ਪਈ| ਇੰਨੇ ਨੂੰ ਦਰਵਾਜਾ ਖੜਕਿਆ| ਸੋਨੂੰ ਨੇ ਦਰਵਾਜਾ ਖੋਲਿਆ| ਉਸ ਦਾ ਦੋਸਤ ਵਿਵੇਕ ਸੀ ਉਹ ਉਸ ਨੂੰ ਖੇਡਵ ਲਈ ਬੁਲਾਉਣ ਆਇਆ ਸੀ| ਉਹ ਖੇਡਣ ਲਈ ਚਲਾ ਗਿਆ| ਮਹਿਕ ਨੇ ਆਪਣਾ ਹੋਮਵਰਕ ਮੁਕਾਇਆ ਤੇ ਫਿਰ ਸੋ ਗਈ| ਮਹਿਕ ਨੂੰ ਸੁਪਨਾ ਆਇਆ ਕਿ ਉਹ ਨਵੇ ਸਾਇਕਲ ਤੇ ਸਕੂਲ ਜਾ ਰਹੀ ਸੀ| ਉਸ ਨੇ ਆਪਣਾ ਬੈਗ ਸਾਇਕਲ ਤੇ ਟੰਗਿਆ ਹੋਇਆ ਸੀ| ਅਚਾਨਕ ਹੀ ਇਕ ਭਾਈ ਨੇ ਸਕੂਟਰ ਸਾਇਕਲ ਵਿਚ ਮਾਰਿਆ| ਮਹਿਕ ਦੀ ਚੀਕ ਨਿਕਲ ਪਈ| ਸੁਪਨਾ ਟੁੱਟ ਗਿਆ|
ਮਹਿਕ ਦੇ ਪਾਪਾ ਨੂੰ ਇਸ ਹਫ਼ਤੇ ਬੋਨਸ ਮਿਲਣਾ ਸੀ ਮਹਿਕ ਉਸ ਦਿਨ ਦੀ ਉਡੀਕ ਕਰ ਰਹੀ ਸੀ| ਮਹਿਕ ਸੂਝਵਾਨ ਕੁੜੀ ਸੀ| ਉਹ ਕਿਸੇ ਦਾ ਦੁੱਖ ਨਹੀੰ ਸਹਾਰ ਸਕਦੀ ਸੀ| ਇਕ ਵਾਰ ਉਸ ਨੇ ਆਪਣੀ ਫੀਸ ਹੀ ਇਕ ਡਾਕਟਰ ਨੂੰ ਦੇ ਦਿੱਤੀ ਸੀ ਜਿਸ ਨੇ ਉਸ ਦੀ ਸਹੇਲੀ ਦੇ ਮੱਲ੍ਹਮ ਪੱਟੀ ਕੀਤੀ ਸੀ| ਛੁੱਟੀ ਵਾਲਾ ਦਿਨ ਸੀ| ਟੈਲੀਵੀਜਨ ਤੇ ਖਬਰ ਆ ਰਹੀ ਸੀ ਕਿ ਪਹਾੜੀ ਇਲਾਕੇ ਵਿਚ ਬਦਲ ਫੱਟਣ ਨਾਲ ਬਹੁਤ ਤਬਾਹੀ ਹੋ ਗਈ ਹੈ| ਉਨ੍ਹਾਂ ਲੋਕਾਂ ਦੀ ਮੱਦਦ ਕਰਨ ਦੀਆਂ ਖ਼ਬਰਾਂ ਆਉਣ ਲੱਗੀਆਂ| ਮਹਿਕ ਦਾ ਮਨ ਉਦਾਸ ਹੋ ਗਿਆ| ਉਹ ਸਕੂਲ ਗਈ ਤਾਂ ਪ੍ਰਾਰਥਨਾ ਦੇ ਸਮੇਂ ਪ੍ਰਿਸੀਪਲ ਸਾਹਿਬ ਨੇ ਕਿਹਾ ਕਿ ਸਾਨੂੰ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ| ਅਗਲੇ ਦਿਨ ਹੀ ਮਹਿਕ ਦੇ ਪਾਪਾ ਨੂੰ ਬੋਨਸ ਮਿਲ ਗਿਆ ਸੀ| ਪਾਪਾ ਨੇ ਕਿਹਾ ਚਲ ਮਹਿਕ ਸਾਇਕਲ ਲੈ ਕੇ ਆਈਏ ਤੇਰਾ| ਮਹਿਕ ਨੇ ਪਾਪਾ ਨੂੰ ਕਿਹਾ ਪਾਪਾ ਮੈਂ ਸਕੂਲ ਪੈਦਲ ਹੀ ਚਲੀ ਜਾਇਆ ਕਰਾਂਗੀ| ਤੂੰ ਤਾਂ ਸਾਇਕਲ ਲੈਣ ਲਈ ਕਹਿੰਦੀ ਰਹਿੰਦੀ ਸੀ| ਮਹਿਕ ਨੇ ਕਿਹਾ ਮੈਂ ਪੈਸੇ ਖਰਚ ਦਿੱਤੇ ਹਨ| ਪਾਪਾ ਨੇ ਇਕਦਮ ਪੁਛਿਆ ਕਿੱਥੇ? ਮੰਮੀ ਨੂੰ ਪੁੱਛ ਲਵੋ ਮੈਂ ਇਹਨਾਂ ਨੂੰ ਦਸ ਕੇ ਖਰਚੇ ਹਨ| ਉਸ ਦੀ ਗੱਲ ਵਿਚ ਗੁੱਝਿਆ ਭੇਦ ਸੀ| ਪਾਪਾ ਮੈਂ ਟੈਲੀਵਿਜਨ ਦੀਆਂ ਖ਼ਬਰਾਂ ਵਿਚ ਨਿੱਕੇ ਨਿੱਕੇ ਵਿਲਕਦੇ ਹੋਏ ਬਤਚੇ ਨਹੀਂ ਵੇਖ ਸਕੀ| ਉਨ੍ਹਾਂ ਦੇ ਮਾਪੇ ਇਸ ਆਫਤ ਵਿਚ ਮਰ ਗਏ ਸਨ| ਮੇਰੇ ਸਾਇਕਲ ਨਾਲੋਂ ਵੱਧ ਜਰੂਰਤ ਉਨ੍ਹਾਂ ਦੀ ਮਦਦ ਕਰਨਾ ਸੀ| ਇਸ ਲਈ ਮੈਂ ਸਾਰੇ ਪੈਸੇ ਉਹਨਾਂ ਨੂੰ ਦੇ ਦਿੱਤੇ ਹਨ|
ਪਾਪਾ ਨੇ ਮਹਿਕ ਨੂੰ ਗਲ ਨਾਲ ਲਾਇਆ ਤੇ ਕਿਹਾ, ਇਹ ਤੂੰ ਬਹੁਤ ਚੰਗਾ ਕੰਮ ਕੀਤਾ ਹੈ ਮਹਿਕ| ਮੈਨੂੰ ਤੇਰੇ ਤੇ ਬਹੁਤ ਮਾਣ ਹੈ| ਰਹੀ ਗੱਲ ਤੇਰੇ ਸਾਇਕਲ ਦੀ ਉਹ ਅੱਜ ਹੀ ਆਵੇਗਾ| ਹੁਣ ਮਹਿਕ ਸਾਇਕਲ ਤੇ ਸਕੂਲ ਜਾਂਦੀ ਸੀ|

0 0

ਇਕ ਆਦਮੀ ਸੀ ਉਸ ਦਾ ਨਾਂ ਗਰੀਬ ਸਿੰਘ ਸੀ| ਉਹ ਇਕ ਮੋਚੀ ਸੀ| ਉਹ ਇਕ ਪਿੰਡ ਵਿਚ ਰਹਿੰਦਾ ਸੀ| ਬਹੁਤ ਈਮਾਨਦਾਰ ਸੀ| ਉਸ ਦਾ ਸੁਭਾਅ ਬਹੁਤ ਨਿਮਰਤਾ ਵਾਲਾ ਸੀ| ਸਵੇਰ ਤੋਂ ਸ਼ਾਮ ਤੱਕ ਕੰਮ ਕਰਦਾ ਰਹਿੰਦਾ ਸੀ|
ਇਕ ਦਿਨ ਗਰੀਬ ਸਿੰਘ ਦੇ ਦੇਸ਼ ਦਾ ਰਾਜਾ ਆਪਣੇ ਵਜੀਰਾ ਨਾਲ ਪਰਜਾ ਦੀ ਖੁਸ਼ਹਾਲੀ ਬਾਰੇ ਕੁਝ ਕਹਿ ਰਿਹਾ ਸੀ| ਗੱਲਾਂ-ਗੱਲਾਂ ਵਿਚ ਹੀ ਇਹ ਜ਼ਿਕਰ ਛਿੜ ਪਿਆ ਕਿ ਹੁਣ ਉਸ ਦੇ ਰਾਜ ਵਿਚ ਬੇਈਮਾਨੀ ਪੈਦਾ ਹੋ ਰਹੀ ਹੈ| ਦਸਾਂ ਨਹੁੰਆਂ ਦੀ ਕਿਰਤ ਖਤਮ ਹੁੰਦੀ ਜਾ ਰਹੀ ਹੈ| ਮੰਤਰੀ ਨੇ ਕਿਹਾ,”ਮਹਾਰਾਜ! ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪ ਜੀ ਦੇ ਰਾਜ ਵਿਚ ਬੇਈਮਾਨੀ ਵੱਧ ਰਹੀ ਹੈ,ਇਹ ਬਿਲਕੁਲ ਠੀਕ ਹੈ ਪਰ ਇਹ ਬੇਈਮਾਨੀ ਵੱਡੇ-ਵੱਡੇ ਅਮੀਰਜ਼ਾਦੇ ਕਰ ਰਹੇ ਹਨ|”
ਮੰਤਰੀ ਬੋਲਿਆ,ਆਪ ਜੀ ਦੀ ਪਰਜਾ ਵਿਚ ਜਿਹੜੇ ਗਰੀਬ ਲੋਕ ਨੇ ਉਹ ਈਮਾਨਦਾਰ ਹਨ ਅਤੇ ਆਪਣਾ ਕੰਮ ਈਮਾਨਦਾਰੀ ਨਾਲ ਕਰਦੇ ਹਨ| ਇਸ ਦੀ ਮਿਸਾਲ ਇਕ ਮੋਚੀ ਹੈ| ਉਸ ਦਾ ਨਾਂ ਗਰੀਬ ਸਿੰਘ ਹੈ|
ਰਾਜਾ ਖੁਸ਼ ਹੋ ਕੇ ਬੋਲਿਆ,”ਫਿਰ ਤੇ ਮੈਂ ਉਸ ਦੀ ਈਮਾਨਦਾਰੀ ਜ਼ਰੂਰ ਵੇਖਾਗਾ ਤੇ ਉਹ ਵੀ ਅੱਜ ਹੀ|”
ਰਾਜਾ ਗਰੀਬ ਸਿੰਘ ਨੂੰ ਮਿਲਣ ਲਈ ਚਲ ਪਏ|ਉਧਰ ਗਰੀਬ ਸਿੰਘ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ| ਉਸ ਕੋਲ ਇਕ ਆਦਮੀ ਆਇਆ| ਉਸਨੇ ਖੇਸ ਦੀ ਬੁੱਕਲ ਮਾਰੀ ਹੋਈ ਸੀ| ਅਸਲ ਵਿਚ ਉਹ ਰਾਜਾ ਸੀ| ਰਾਜਾ ਪਹਿਲਾ ਤਾਂ ਗਰੀਬ ਸਿੰਘ ਨਾਲ ਗੱਲਾਂ ਕਰਦਾ ਰਿਹਾ, ਫਿਰ ਉਸ ਨੂੰ ਕਹਿਣ ਲੱਗਾਂ,”ਮੈਂ ਜੰਗਲ ਦੇ ਇਲਾਕੇ ਦਾ ਚੋਰ ਹਾਂ|ਜੇ ਤੂਂ ਵੀ ਮੇਰੇ ਨਾਲ ਚੋਰੀ ਕਰਨ ਲੱਗ ਪਏ ਤਾਂ ਮੈਂ ਤੈਨੂੰ ਵੀ ਚੋਰੀ ਦੇ ਮਾਲ ਵਿਚੋ ਅੱਧਾ ਹਿੱਸਾ ਦੇ ਦਿਆ ਕਰਾਗਾਂ| ਤੈਨੂੰ ਇਸ ਮੋਚੀਪੁਣੇ ਵਿਚੋ ਕੀ ਬਚਦਾ ਹੋਵੇਗਾਂ? ਸ਼ਾਮ ਤੱਕ ਮਸਾਂ ਇਕ ਡੇਢ ਰੁਪਿਆ ਬਣਦਾ ਹੋਵੇਗਾ| ਮੈਂ ਤਾਂ ਇਕ ਰਾਤ ਵਿਚ ਹੀ ਕਿੰਨਾ ਧਨ ਇੱਕਠਾ ਕਰ ਲੈਦਾ ਹਾਂ ਇਥੌ ਤੱਕ ਕਿ ਰਾਜੇ ਦੇ ਮਹਿਲ ਨੂੰ ਵੀ ਨਹੀਂ ਬਖ਼ਸਿਆ| ਇਸ ਕਰਕੇ ਮੈਂ ਤੇਰੇ ਕੋਲ ਆਇਆ ਹਾਂ ਤੇ ਮੇਰੀ ਮੰਨ ਤੇ ਮੇਰੇ ਨਾਲ ਮਿਲ ਕੇ ਕੰਮ ਕਰ|
ਗਰੀਬ ਸਿੰਘ ਨੇ ਰਾਜੇ ਵਤਲ ਦੇਖਿਆ| ਫਿਰ ਬੜੇ ਧੀਰਜ ਨਾਲ ਬੋਲਿਆ, ਨਾ ਭਈ ਨਾ, ਮੈਨੂੰ ਕੀ ਲੋੜ ਐ ਚੋਰੀਆਂ ਕਰਨ ਦੀ? ਮੈਨੂੰ ਰਤਬ ਨੇ ਦੋ ਹੱਥ ਦਿੱਤੇ ਨੇ| ਇਨ੍ਹਾ ਨਾਲ ਕਮਾ ਕੇ ਖਾਣ ਲਈ| ਜਿਹੜਾ ਬੰਦਾ ਮਿਹਨਤ ਕਰਕੇ ਰੋਟੀ ਨਹੀਂ ਕਮਾ ਸਕਦਾ, ਉਹ ਜ਼ਿੰਦਗੀ ਵਿਚ ਸਫ਼ਲ ਨਹੀਂ ਹੋ ਸਕਦਾ| ਮੈਂ ਆਪਣੀ ਮਿਹਨਤ ਕਰਕੇ ਜਿੰਨੇ ਪੈਸੇ ਕਮਾਉਂਦਾ ਹਾਂ ਉਹਨਾ ਨਾਲ ਹੀ ਸੰਤੁਸ਼ਟ ਹੋ ਜਾਂਦਾ ਹਾਂ| ਚੈਨ ਦੀ ਨੀਂਦ ਸੌਂਦਾ ਹਾਂ| ਨਾ ਕਿਸੇ ਦਾ ਡਰ ਇਸ ਕਰਕੇ ਮੈਂ ਤੇਰੇ ਨਾਲ ਅਜਿਹਾ ਕੰਮ ਨਹੀਂ ਕਰ ਸਕਦਾ|
ਰਾਜੇ ਨੇ ਬਹੁਤ ਸਾਰੀਆਂ ਵਿਉਂਤਾ ਘੜੀਆਂ ਪਰ ਉਹ ਨਾ ਮੰਨਿਆ| ਇਹ ਦੇਖ ਕਿ ਰਾਜਾ ਉਸ ਤੋਂ ਬੜਾ ਪ੍ਰਭਾਵਿਤ ਹੋਇਆ| ਸੋਚਣ ਲੱਗਾ ਜੋ ਉਸ ਦੇ ਮੰਤਰੀ ਨੇ ਦੱਸਿਆ ਸੀ ਠੀਕ ਹੀ ਸੀ| ਰਾਜਾ ਵਾਪਸ ਆ ਗਿਆ|
ਅਗਲੇ ਦਿਨ ਗਰੀਬ ਸਿੰਘ ਜੁੱਤੀਆਂ ਗੰਢਣ ਵਿਚ ਮਸਤ ਸੀ ਚਾਣਚਕ ਹੀ ਰਾਜੇ ਦੇ ਸਿਪਾਹੀ ਉਹਦੇ ਅੱਗੇ ਆ ਖੜ੍ਹੇ ਹੋਏ| ਉਨ੍ਹਾਂ ਨੂੰ ਇਹ ਹੁਕਮ ਸੀ ਕਿ ਗਰੀਬ ਸਿੰਘ ਨੂੰ ਬੜੇ ਇੱਜਤ ਮਾਣ ਤੇ ਈਮਾਨਦਾਰੀ ਨਾਲ ਮਹਿਲ ਵਿਚ ਲਿਆਉਣ
ਸਿਪਾਹੀ ਨੇ ਕਿਹਾ, ਚਲੋ ਜਨਾਬ ਤੁਹਾਨੂੰ ਮਹਾਰਾਜ ਨੇ ਬੁਲਾਇਆ ਹੈ|
ਗਰੀਬ ਇਕਦਮ ਘਬਰਾ ਗਿਆ| “ਮੈਂਨੂੰ? ਮੈਂ ਕੀ ਗੁਨਾਹ ਕੀਤਾ ਹੈ?” ਗਰੀਬ ਸਿੰਘ ਉਹਨਾਂ ਅੱਗੇ ਹੱਥ ਬੰਨ ਕੇ ਖੜਾ੍ ਹੋ ਗਿਆ| “ਇਹ ਤਾਂ ਮਹਾਰਾਜ ਹੀ ਦੱਸ ਸਕਦੇ ਨੇ| ਸਾਨੂੰ ਤਾਂ ਸਿਰਫ ਹੁਕਮ ਕੀਤਾ ਗਿਆ ਹੈ| ਆਓ ਬੱਘੀ ਵਿਚ ਬੈਠੋ|”
ਸਿਪਾਹੀ ਗਰੀਬ ਨੂੰ ਮਹਿਲਾਂ ਵਿਚ ਲੈ ਆਏ| ਉਹਨੂੰ ਆਪਣੇ ਮਹਿਲ ਵਿਚ ਆਉਦਾ ਵੇਖ ਰਾਜਾ ਆਪਣੇ ਸਿੰਘਾਸਨ ਤੋਂ ਖੜਾ੍ ਹੋ ਗਿਆ ਤੇ ਉਹਨੂੰ ਆਪਣੇ ਗਲ ਨਾਲ ਲਾ ਲਿਆ|
ਰਾਜਾ ਮੋਚੀ ਨੂੰ ਇਕ ਕਮਰੇ ਵਿਚ ਲੈ ਗਿਆ ਤੇ ਉਸ ਨੇ ਉਹਨਾਂ ਸਾਰੀਆਂ ਘਟਨਾਵਾਂ ਬਾਰੇ ਦੱਸਿਆ ਜੋ ਰਾਜੇ ਨੇ ਭੇਸ ਬਦਲ ਕੇ ਮੋਚੀ ਨਾਲ ਕੀਤੀਆਂ ਸਨ| ਰਾਜੇ ਨੂੰ ਹੁਣ ਯਕੀਨ ਹੋ ਗਿਆ ਸੀ ਕਿ ਉਹ ਮੋਚੀ ਸੱਚਮੁਚ ਹੀ ਹਕ ਦੀ ਕਮਾਈ ਖਾਣ ਵਾਲਾ ਵਿਅਕਤੀ ਹੈ| ਰਾਜੇ ਨੇ ਉਸ ਨੂੰ ਸਦਾ ਲਈ ਆਪਣੇ ਮਹਿਲ ਵਿਚ ਰਹਿਣ ਲਈ ਕਿਹਾ ਤਾਂ ਮੋਚੀ ਨੇ ਰਾਜੇ ਅੱਗੇ ਹੱਥ ਜੋੜਦਿਆਂ ਕਿਹਾ,” ਮਹਾਰਾਜ ਜੀ! ਮੈਨੂੰ ਮਾਫ ਕਰ ਦੋ ਕਿਉਂ ਕਿ ਮੈਂਨੂੰ ਆਪਣਾ ਕੰਮ ਬਹੁਤ ਪਿਆਰਾ ਹੈ ਅਤੇ ਮੈਂ ਸਦਾ ਲੋਕਾਂ ਦੀ ਸੇਵਾ ਕਰਕੇ ਹੀ ਹੱਕ ਦੀ ਕਮਾਈ ਖਾਣਾ ਚਾਹੁੰਦਾ ਹਾਂ| ਜੋ ਚੈਨ, ਆਰਾਮ ਅਤੇ ਸੁੱਖ ਹੱਕ ਦੀ ਕਮਾਈ ਵਿਚ ਹੈ ,ਉਹ ਬੇਈਮਾਨੀ ਦੀ ਕਮਾਈ ਵਿਚ ਨਹੀਂ| ਦਸਾਂ ਨਹੁੰਆਂ ਦੀ ਕਿਰਤ ਵਿਚ ਜਿੰਨੀ ਬਰਕਤ ਤੇ ਸੁੱਖ ਹੈ ਉਹ ਮੈਂ ਬਿਆਨ ਨਹੀਂ ਕਰ ਸਕਦਾ| ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ|ਫਿਰ ਰਾਜੇ ਨੇ ਭਰੀ ਸਭਾ ਵਿਚ ਉਸ ਨੂੰ ਇਨਾਮ ਦੇ ਕੇ ਖਸ਼ੀ ਖੁਸ਼ੀ ਵਿਦਾ ਕਰਦਿਆਂ ਕਿਹਾ,” ਜਿਹੜਾ ਆਦਮੀ ਈਮਾਨਦਾਰ ਹੋਵੇ ਤੇ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੋਵੇ,ਉਹ ਗਰੀਬ ਸਿੰਘ ਨਹੀਂ, ਅਮੀਰ ਸਿੰਘ ਹੈ| ਤੁਸੀਂ ਮੇਰੀ ਪਰਜਾ ਦੇ ਹੀਰੋ ਹੋ| ਮੈਂ ਤੁਹਾਨੂੰ ਨਮਸਕਾਰ ਕਰਦਾ ਹਾਂ|”
ਗਰੀਬ ਸਿੰਘ ਘਰ ਆਇਆ ਤਾਂ ਉਸ ਦੀ ਜੈ ਜੈ ਕਾਰ ਹੋ ਰਹੀ ਸੀ|

0 0

ਇਕ ਦਿਨ ਅਕਬਰ ਦਾ ਦਰਬਾਰ ਲੱਗਾ ਹੋਇਆ ਸੀ। ਇਕ ਦਰਬਾਰੀ ਨੇ ਬੀਰਬਲ ਨੂੰ ਸਵਾਲ ਪਾਇਆ।
“ਅਸੀਂ ਇਹ ਤਾਂ ਸੁਣਿਆ ਹੇ ਕਿ ਜੰਗਲ ਨੂੰ ਆਪਣੇ ਆਪ ਅੱਗ ਲੱਗ ਜਾਂਦੀ ਹੈ। ਫਾਸਫੋਰਸ ਨੂੰ ਤੇਜ਼ ਧੁੱਪ ਵਿਚ ਰੱਖਿਆਂ ਜਾਵੇ ਤਾਂ ਉਸ ਵਿਚੋਂ ਚੰਗਿਆੜੇ ਨਿਕਲਣ ਲੱਗ ਪੈਂਦੇ ਹਨ। ਸੋਡੀਅਮ ਤੇ ਪਾਣੀ ਪਾਇਆ ਜਾਵੇ ਤਾਂ ਅੱਗ ਲੱਗ ਜਾਂਦੀ ਹੈ। ਪਰ ਕੀ ਦੋ ਮੋਮਬੱਤੀਆਂ ਦੇ ਸਿਰੇ ਆਪਸ ਵਿਚ ਛੂਹੇ ਜਾਣ ਤੇ ਦੋਵੇਂ ਮੋਮਬੱਤੀਆਂ ਬਲ ਸਕਦੀਆਂ ਹਨ?”
ਜਨਾਬ,ਸਧਾਰਨ ਹਾਲਤਾਂ ਵਿਚ ਤਾਂ ਇਸ ਤਰ੍ਹਾਂ ਹੋਣਾ ਮੁਸ਼ਕਲ ਹੈ। ਕੀ ਤੁਸੀਂ ਇਹੋ ਜਿਹੀਆਂ ਮੋਮਬੱਤੀਆਂ ਵੇਖੀਆਂ ਹਨ ਜਾਂ ਸਿਰਫ ਸੁਣਿਆ ਹੀ ਹੈ? ਬੀਰਬਲ ਨੇ ਪੁਛਿਆ।
ਬੀਰਬਲ ਇਕ ਦਿਨ ਇਕ ਫਕੀਰ ਸਾਡੇ ਘਰ ਆਇਆ। ਮੈਂ ਉਸ ਸਮੇਂ ਸ਼ਿਕਾਰ ਤੇ ਗਿਆ ਹੋਇਆ ਸੀ। ਉਸ ਫਕੀਰ ਨੇ ਮੇਰੀ ਪਤਨੀ ਨੂੰ ਦਸਿਆ ਕਿ ਮੇਰੇ ਤੇ ਖਤਰਾ ਮੰਡਰਾ ਰਿਹਾ ਹੈ। ਜੇ ਤੂੰ ਸਮਾਂ ਰਹਿੰਦਿਆਂ ਕੋਈ ਉਪਾਅ ਨਹੀਂ ਕੀਤਾ ਤਾਂ ਮੇਰੀ ਜਾਨ ਖਤਰੇ ਵਿਚ ਪੈ ਸਕਦੀ ਹੈ। ਫਕੀਰ ਦੇ ਮੂੰਹੋਂ ਇਹ ਸੁਣ ਕੇ ਮੇਰੀ ਪਤਨੀ ਘਬਰਾ ਗਈ । ਉਸਨੇ ਫਕੀਰ ਨੂੰ ਇਹ ਖਤਰਾ ਟਾਲਣ ਕਈ ਕੋਈ ਉਪਾਅ ਕਰਨ ਦੀ ਬੇਨਤੀ ਕੀਤੀ।
ਫਕੀਰ ਨੇ ਪੂਜਾ ਪਾਠ ਸ਼ੁਰੂ ਕਰ ਦਿੱਤਾ। ਕਈ ਪ੍ਰਕਾਰ ਦੇ ਮੰਤਰ-ਤੰਤਰ ਕਰਨ ਉਪਰੰਤ ਉਸ ਨੇ ਆਪਣੇ ਕੋਲੋਂ ਦੋ ਮੋਮਬੱਤੀਆਂ ਕੱਢੀਆਂ ਅਤੇ ਮੰਤਰ ਬੁੜ-ਬੁੜਤਉਂਦਿਆ ਦੋਹਾਂ ਮੋਮਬੱਤੀਆਂ ਦੇ ਸਿਰੇ ਇਕ ਦੂਸਰੇ ਨਾਲ ਛੂਹਾ ਦਿੱਤੇ। ਦੋਵੇਂ ਮੋਮਬੱਤੀਆਂ ਆਪਣੇ ਆਪ ਬਲ ਪਈਆਂ। ਫਿਰ ਉਸ ਨੇ ਕਿਹਾ ਕਿ ਮੇਰੇ ਤੋਂ ਖਤਰਾ ਟਲ ਗਿਆ ਹੈ ਅਤੇ ਇਸ ਕੰਮ ਦੇ ਬਦਲੇ ਉਹ ਮੇਰੀ ਪਤਨੀ ਤੋਂ ਮੋਟੀ ਰਕਮ ਲੈ ਗਿਆ। ਦਰਬਾਰੀ ਦੀ ਗੱਲ ਸੁਣ ਕੇ ਬੀਰਬਲ ਸੋਚੀ ਪੈ ਗਿਆ। ਉਸ ਨੇ ਇਸ ਰਹੱਸ ਨੂੰ ਸੁਲਝਾਉਣ ਲਈ ਇਕ ਦਿਨ ਦੀ ਮੋਹਲਤ ਮੰਗੀ।
ਦੂਸਰੇ ਦਿਨ ਬੀਰਬਲ ਦੋ ਮੋਮਬੱਤੀਆਂ ਲੈ ਕੇ ਦਰਬਾਰ ਵਿਚ ਆਇਆ। ਫਿਰ ਸਾਰਿਆਂ ਸਾਹਮਣੇ ਉਹਨਾਂ ਦੇ ਸਿਰੇ ਇਕ ਦੂਜੇ ਨਾਲ ਛੂਹਾ ਕੇ ਦੋਵੇਂ ਮੋਮਬੱਤੀਆਂ ਬਾਲ ਦਿੱਤੀਆਂ। ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ। ਦਰਬਾਰੀਆਂ ਸਮੇਤ ਬਾਦਸ਼ਾਹ ਦੀ ਉਤਸੁਕਤਾ ਵਧ ਗਈ। ਉਹਨਾਂ ਬੀਰਬਲ ਨੂੰ ਇਹ ਇਹ ਸਭ ਖੋਲ ਕੇ ਦੱਸਣ ਲਈ ਕਿਹਾ ।
ਬੀਰਬਲ ਨੇ ਹੱਸਦਿਆਂ ਹੋਇਆਂ ਕਿਹਾ,”ਹਮੇਸ਼ਾ ਵਾਗ ਫਕੀਰ ਵਾਂਗ ਮੋਮਬੱਤੀਆਂ ਨੂੰ ਆਪਣੇ ਆਪ ਬਾਲ ਦੇਣਾ ਇਕ ਟਰਿੱਕ ਹੀ ਸੀ। ਇਹ ਬਲਣ ਕਿਰਿਆ ਦੋ ਰਸਾਇਣਿਕ ਪਦਾਰਥਾਂ ਦੀ ਆਪਸੀ ਕਿਰਿਆ ਕਰਕੇ ਹੀ ਹੁੰਦੀ ਹੈ।ਕਿਸੇ ਜੰਤਰ-ਮੰਤਰ ਜਾਂ ਹੋਰ ਕਾਰਨ ਕਰਕੇ ਨਹੀਂ। ਇਸ ਕੰਮ ਲਈ ਇਕ ਮੋਮਬੱਤੀ ਦੀ ਧਾਗੇ ਵਾਲੀ ਬੱਤੀ ਤੇ ਇਕ ਖਾਸ ਤਰ੍ਹਾਂ ਦੇ ਤੇਜਾਬ ਦਾ ਲੇਪ ਕਰ ਦਿੱਤਾ ਜਾਂਦਾ ਹੈ ਤੇ ਦੂਸਰੀ ਮੋਮਬੱਤੀ ਦੇ ਧਾਗੇ ਵਾਲੇ ਸਿਰੇ ਨੂੰ ਅਲਕੋਹਲ ਵਿਚ ਡੋਬ ਲਿਆ ਜਾਂਦਾ ਹੈ। ਮੋਮਬੱਤੀਆ ਦੇ ਦੋਹਾਂ ਸਿਰਿਆ ਨੂੰ ਇਕ ਦੂਜੇ ਨਾਲ ਛੂਹਣ ਤੇ ਤੇਜਾਬ ਤੇ ਅਲਕੋਹਲ ਵਿਚਕਾਰ ਰਸਾਇਣਿਕ ਪ੍ਰਤੀਕਿਰਿਆ ਹੁੰਦੀ ਹੈ ਜਿਸ ਨਾਲ ਅੱਗ ਲੱਗ ਜਾਂਦੀ ਹੈ।”
ਇਹ ਲੋਕ ਇਸੇ ਤਰ੍ਹਾਂ ਹੀ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਠੱਗ ਕੇ ਲੈ ਜਾਂਦੇ ਹਨ। ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

0 0

ਬੱਚੇ ਦੀ ਮੁੱਢਲੀ ਸਿੱਖਿਆ ਘਰ ਤੋਂ ਹੀ ਸੁਰੂ ਹੁੰਦੀ ਹੈ ਅਤੇ ਬੱਚੇ ਦੀ ਜਿੰਦਗੀ ਨੂੰ ਸੇਧ ਦੇਣ ਵਿੱਚ ਪਰਿਵਾਰ ਦਾ ਅਹਿਮ ਰੋਲ ਹੁੰਦਾ ਹੈ| ਸਾਨੂੰ ਬੱਚੇ ਦੇ ਵਿਕਾਸ ਲਈ ਘਰ ਵਿੱਚ ਇੱਕ ਅਜਿਹਾ ਵਾਤਾਵਰਣ ਪੈਦਾ ਕਰਨ ਦੀ ਲੋੜ ਹੈ ਜੋ ਬੱਚੇ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦੇਦਾਂ ਹੋਵੇ| ਅਜਿਹਾ ਵਾਤਾਵਰਣ ਪੈਦਾ ਕਰਨ ਲਈ ਹੇਠਾਂ ਲਿਖੇ ਦਸ ਨਿਯਮਾਂ ਦੀ ਪਾਲਣਾ ਕਰਨ ਨਾਲ ਨਤੀਜੇ ਚੰਗੇ ਨਿਕਲਣ ਦੀ ਪੂਰੀ-ਪੂਰੀ ਉਮੀਦ ਹੈ:
1 ਬੱਚੇ ਨੂੰ ਬਾਰ ਬਾਰ ਪ੍ਰੀਖਿਆ ਬਾਰੇ ਯਾਦ ਨਾ ਕਰਾਓ|
2 ਬੱਚੇ ਨੂੰ ਸਹੀ ਢੰਗ ਨਾਲ ਹਰ ਰੋਜ ਪੜ੍ਹਨ ਲਈ ਉਤਸਾਹ ਦਿਓੁ|
3 ਬੱਚੇ ਦੇ ਵਿਕਾਸ ਅਤੇ ਉਸਦੇ ਵਿਚਾਰਾਂ ਦੇ ਵਿਕਾਸ ਲਈ ਚੰਗੀ ਖੁਰਾਕ ਦਿਉ|
4 ਬੱਚੇ ਨੂੰ ਆਪਣੇ ਨਿਸਾਨੇ ਤੇ ਪਹੁੰਚਣ ਲਈ ਪ੍ਰੀਖਿਆ ਹਮੇਸ਼ਾ ਮਨ ਵਿੱਚ ਰੱਖਣੀ ਚਾਹੀਦੀ ਹੈ|
5 ਮਾਪਿਆਂ ਨੂੰ ਆਪਣੇ ਬੱਚੇ ਦਾ ਮੁਕਾਬਲਾ ਦੂਜੇ ਦੇ ਬੱਚਿਆਂ ਨਾਲ ਨਹੀਂ ਕਰਨਾ ਚਾਹਿਦਾ|
6 ਘਰ ਵਿੱਚ ਰੌਲੇ-ਰੱਪੇ ਤੋਂ ਮੁਕਤ ਵਾਤਾਵਰਣ ਪੈਦਾ ਕਰੋ|
7 ਬੱਚੇ ਦੀ ਹਮੇਸ਼ਾ ਮਦਦ ਕਰੋ|
8 ਬੱਚੇ ਉੱਤੇ ਆਪਣੇ ਫੈਸਲੇ ਨਾਂ ਠੋਸੋ ਤੇ ਉਸਦੀ ਵੀ ਸੁਣੋ|
9 ਬੱਚੇ ਦੇ ਹਰ ਕੰਮ ਲਈ ਇੱਕ ਟਾਇਮ-ਟੇਬਲ ਬਣਾਓ|
10 ਬੱਚੇ ਨੂੰ ਹਰ ਚੀਜ਼ ਦਾ ਭਾਵ ਚੰਗੀ ਤਰ੍ਹਾਂ ਸਮਝਣ ਲਈ ਉਤਸਾਹਿਤ ਕਰੋ|

Powered By Indic IME