Women

0 0

ਨਾਰੀ ਦਾ ਘਰ ਤੋਂ ਬਾਹਰ ਨਿਕਲਣਾ ਅੱਜ ਲਗਪਗ ਲੋੜ ਬਣਦੀ ਜਾ ਰਹੀ ਹੈ | ਨਾਰੀ ਚਾਹੇ ਅਧਿਆਪਕ ਹੋਵੇ, ਕਿਸੇ ਸੰਸਥਾ ਵਿਚ ਕਲਰਕ ਹੋਵੇ ਜਾਂ ਕਿਸੇ ਫੈਕਟਰੀ ਵਿਚ ਪੁਰਜੇ ਜੋੜਨ ਵਾਲੀ ਇਕ ਸਾਧਾਰਨ ਔਰਤ ਹੋਵੇ, ਰੋਜ਼ਮਰ੍ਹਾ ਦੀ ਯਾਤਰਾ ਦੌਰਾਨ ਨਾਰੀ ਦੇ ਨਾਲ ਅਜਿਹੇ ਹਾਦਸੇ ਹੋ ਜਾਂਦੇ ਹਨ ਜੋ ਦਿਲ ਦਹਿਲਾਉਣ ਲਈ ਕਾਫੀ ਹੁੰਦੇ ਹਨ | ਨਾਰੀ ਰੋਜ਼ ਅਪਮਾਨ ਦਾ ਘੁੱਟ ਪੀਣ ਲਈ ਮਜਬੂਰ ਹੋ ਜਾਂਦੀ ਹੈ | ਜੇ ਕਦੇ ਨਾਰੀ ਆਵਾਜ਼ ਉਠਾਉਂਦੀ ਹੈ ਤਾਂ ਲੋਕਾਂ ਦੀਆਂ ਨਿਗਾਹਾਂ ਉਸ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੰਦੀਆਂ ਹਨ |
ਸੜਕ ‘ਤੇ ਨਿਕਲਦੇ ਸਮੇਂ ਉਸ ਨੂੰ ਨਾ ਜਾਣੇ ਕਿੰਨੀਆਂ ਹੀ ਅਸ਼ਲੀਲ ਨਿਗਾਹਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ | ਰਾਹ ਵਿਚ ਖੜ੍ਹੇ ਅਵਾਰਾ ਲੜਕਿਆਂ ਦੀ ਛੇੜਛਾੜ ਅਤੇ ਬਦਜ਼ੁਬਾਨੀ ਦਾ ਸ਼ਿਕਾਰ ਹੋਣਾ ਪੈਂਦਾ ਹੈ, ਪਰ ਉਹ ਚੁੱਪਚਾਪ ਇਸ ਮਾਨਸਿਕ ਪੀੜਾ ਨੂੰ ਸਹਿਣ ਲਈ ਮਜਬੂਰ ਹੁੰਦੀ ਹੈ | ਕਦੇ ਆਟੋ ਵਾਲਾ ਤੇ ਕਦੇ ਕੋਈ ਰਿਕਸ਼ੇ ਵਾਲਾ ਫਿਕਰਾ ਕੱਸ ਦਿੰਦਾ ਹੈ ਜਾਂ ਕਦੇ ਕੋਈ ਸਾਈਕਲ ਵਾਲਾ ਬੁਰੀ ਨਜ਼ਰ ਨਾਲ ਦੇਖਦਾ ਹੈ |
ਦਫਤਰ ਆਉਣ-ਜਾਣ ਦੇ ਸਮੇਂ ਬੱਸਾਂ ਜਾਂ ਸਥਾਨਕ ਰੇਲਾਂ ਵਿਚ ਗਿਣਤੀ ਤੋਂ ਜ਼ਿਆਦਾ ਲੋਕ ਭਰੇ ਹੁੰਦੇ ਹਨ | ਅਜਿਹੀ ਸਥਿਤੀ ਵਿਚ ਉਸ ਨੂੰ ਆਪਣੇ ਨਾਲ ਛੇੜਛਾੜ ਨੂੰ ਬੇਵਜ੍ਹਾ ਬਰਦਾਸ਼ਤ ਕਰਨਾ ਪੈਂਦਾ ਹੈ ਅਤੇ ਬੁਰੀ ਪ੍ਰਵਿਰਤੀ ਦੇ ਲੋਕਾਂ ਦੀ ਤਾਂ ਚਾਂਦੀ ਹੀ ਹੋ ਜਾਂਦੀ ਹੈ | ਅਜਿਹੇ ਲੋਕ ਜਾਂ ਤਾਂ ਉਸ ਨਾਲ ਲੱਗ ਕੇ ਨਿਕਲਦੇ ਹਨ ਜਾਂ ਉਸ ਨੂੰ ਮਾੜੀ ਨਜ਼ਰ ਨਾਲ ਘੂਰਦੇ ਹਨ | ਅਜਿਹੇ ਵਿਚ ਨਾਰੀ ਮਾਨਸਿਕ ਰੂਪ ਨਾਲ ਮਜਬੂਰ ਹੋ ਜਾਂਦੀ ਹੈ | ਯੌਨ ਉਤਪੀੜਨ ਦਾ ਮਤਲਬ ਕੇਵਲ ਜਬਰ-ਜਨਾਹ ਹੀ ਨਹੀਂ ਹੁੰਦਾ, ਸਗੋਂ ਕਿਸੇ ਵੀ ਅਜਿਹੀ ਅਣਮਨੁੱਖੀ ਛੇੜਛਾੜ ਨਾਲ ਹੁੰਦਾ ਹੈ, ਜਿਸ ਨਾਲ ਨਾਰੀ ਨੂੰ ਮਾਨਸਿਕ ਠੇਸ ਪਹੁੰਚਦੀ ਹੈ |ਮਜਬੂਰ ਨਾਰੀ ਇਸ ਘਟਨਾ ਦੇ ਲਈ ਕਿਸੇ ਕੋਲ ਸ਼ਿਕਾਇਤ ਵੀ ਨਹੀਂ ਕਰਦੀ, ਨਾ ਬਾਪ ਨਾਲ, ਨਾ ਹੀ ਭਰਾ ਨਾਲ | ਹੋਰ ਤਾਂ ਹੋਰ, ਉਹ ਮਿੱਤਰਾਂ ਦੇ ਨਾਲ ਵੀ ਜ਼ਿਕਰ ਨਹੀਂ ਕਰਦੀ, ਕਿਉਂਕਿ ਦੱਸਣ ਤੋਂ ਬਾਅਦ ਉਹ ਮਖੌਲ ਦਾ ਪਾਤਰ ਬਣ ਜਾਂਦੀ ਹੈ |

0 0

ਆਪਣੀ ਧੀ ਬਾਰੇ ਤੁਹਾਡੀ ਜ਼ਿੰਦਗੀ ਦਾ ਇਕ ਫੈਸਲਾ ਤੁਹਾਡੀ ਧੀ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਧੀ ਦੀ ਜ਼ਿੰਦਗੀ ਦਾ ਇਹ ਬਦਲ ਚੰਗਾ ਵੀ ਹੋ ਸਕਦਾ ਹੈ, ਬੁਰਾ ਵੀ ਹੋ ਸਕਦਾ ਹੈ। ਇਸ ਲਈ ਧੀ ਦੀ ਜ਼ਿੰਦਗੀ ਦਾ ਇਹ ਅਹਿਮ ਫ਼ੈਸਲਾ ਕਰਨ ਤੋਂ ਪਹਿਲਾਂ ਇਸ ਦੇ ਸਾਰੇ ਪੱਖਾਂ ਨੂੰ ਵਿਚਾਰ ਲੈਣਾ ਜ਼ਰੂਰੀ ਹੈ। ਇਸ ਰਿਸ਼ਤੇ ਲਈ ਕਦੇ ਜਲਦਬਾਜ਼ੀ ਨਾ ਕਰੋ। ਕਿਸੇ ਉੱਪਰ ਵੀ ਅੰਨ੍ਹਾ ਵਿਸ਼ਵਾਸ ਕਰਨ ਦੀ ਬਜਾਏ ਜਾਂਚ-ਪੜਤਾਲ ਨੂੰ ਪਹਿਲ ਦਿਓ। ਇਸ ਜਾਂਚ-ਪੜਤਾਲ ਲਈ ਆਪਣੇ ਭਰੋਸੇਯੋਗ ਸਬੰਧੀ ਜਾਂ ਰਿਸ਼ਤੇਦਾਰ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਧੀ ਦੇ ਰਿਸ਼ਤੇ ਲਈ ਮੁੰਡੇ ਵਾਲਿਆਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖੋ, ਪਰ ਇਸ ਨੂੰ ਆਪਣੇ ਫ਼ੈਸਲੇ ਦਾ ਮੁੱਖ ਆਧਾਰ ਨਾ ਬਣਾਓ। ਮੁੰਡੇ ਦੀ ਯੋਗਤਾ, ਲਿਆਕਤ, ਕਿੱਤਾ, ਉਮਰ, ਸਿਹਤ ਅਤੇ ਆਮਦਨ ਤੋਂ ਇਲਾਵਾ ਉਸ ਦੇ ਪਰਿਵਾਰ ਦਾ ਸਮਾਜਿਕ ਰੁਤਬਾ ਵੀ ਵਿਚਾਰਨਯੋਗ ਹੈ। ਵਿਖਾਵਾ ਕਰਨ ਨਾਲ ਮਨ ਨੂੰ ਕਦੇ ਵੀ ਤਸੱਲੀ ਨਹੀਂ ਮਿਲਦੀ। ਫੜ੍ਹਾਂ ਮਾਰਨ ਵਾਲੇ ਦੇ ਪੈਰ ਕਦੇ ਧਰਤੀ ਉੱਪਰ ਨਹੀਂ ਹੁੰਦੇ। ਹਾਥੀ ਦੇ ਦੰਦ ਦੇਖਣ ਲਈ ਹੋਰ ਅਤੇ ਖਾਣ ਲਈ ਹੋਰ ਹੁੰਦੇ ਹਨ। ਸਿਰਫ ਕੰਨਾਂ ਨਾਲ ਸੁਣੀਆਂ ਸਿਫਤਾਂ ਕਈ ਵਾਰ ਸੱਚ ਨਹੀਂ ਹੁੰਦੀਆਂ ਅਤੇ ਅੱਖੀਂ ਦੇਖ ਕੇ ਕੀਤੇ ਫ਼ੈਸਲੇ ਜ਼ਿੰਦਗੀ ਦਾ ਜ਼ਖ਼ਮ ਬਣ ਜਾਂਦੇ ਹਨ। ਇਸ ਲਈ ਆਪਣੇ ਦਿਮਾਗ, ਬੁੱਧੀ ਅਤੇ ਅਕਲ ਦੀ ਵੀ ਵਰਤੋਂ ਕਰੋ। ਚਾਦਰ ਦੇਖ ਕੇ ਪੈਰ ਪਸਾਰੋ। ਵਿਦੇਸ਼ ਭੇਜਣ ਦੇ ਲਾਲਚ ਵਿਚ ਧੀਆਂ ਨਾਲ ਧੋਖੇ ਵੀ ਹੋ ਜਾਂਦੇ ਹਨ। ਉਸ ਸੋਨੇ ਦਾ ਕੋਈ ਲਾਭ ਨਹੀਂ, ਜੋ ਆਪਣੇ ਹੀ ਕੰਨਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਵੱਡੀ ਜਾਇਦਾਦ ਜ਼ਰੂਰੀ ਨਹੀਂ ਕਿ ਤੁਹਾਡੀ ਧੀ ਲਈ ਸੁੱਖ ਦਾ ਆਧਾਰ ਬਣੇ। ਆਪਣੀ ਕਮਾਈ ਕਰਨ ਵਾਲਾ ਭਾਵੇਂ ਬਹੁਤਾ ਅਮੀਰ ਨਾ ਵੀ ਹੋਵੇ ਪਰ ਉਹ ਇਕ ਖੁਸ਼ਹਾਲ ਜ਼ਿੰਦਗੀ ਦਾ ਮਾਲਕ ਹੁੰਦਾ ਹੈ। ਤੁਹਾਡੇ ਬਣਨ ਵਾਲੇ ਜਵਾਈ ਦਾ ਆਤਮ-ਨਿਰਭਰ ਹੋਣਾ ਜ਼ਰੂਰੀ ਹੈ, ਤਾਂ ਕਿ ਜ਼ਿੰਦਗੀ ਦੀਆਂ ਆਮ ਲੋੜਾਂ ਪੂਰੀਆਂ ਕਰਨ ਲਈ ਉਸ ਨੂੰ ਦੂਜਿਆਂ ਕੋਲ ਹੱਥ ਨਾ ਅੱਡਣੇ ਪੈਣ। ਲਾਇਕ ਬੱਚੇ ਥੋੜ੍ਹੀ ਤੋਂ ਵੀ ਜ਼ਿਆਦਾ ਬਣਾ ਲੈਂਦੇ ਹਨ ਪਰ ਨਾਲਾਇਕ ਬੱਚੇ ਜ਼ਿਆਦਾ ਨੂੰ ਵੀ ਗੁਆ ਦਿੰਦੇ ਹਨ। ਬੱਚਿਆਂ ਨੂੰ ਆਪਣੇ ਮਨਸੂਬਿਆਂ ਲਈ ਨਾ ਵਰਤੋ, ਬਲਕਿ ਉਨ੍ਹਾਂ ਨੂੰ ਇਸ ਲਾਇਕ ਬਣਾਓ ਕਿ ਉਹ ਆਪਣੇ ਬਾਰੇ ਆਪ ਸੋਚ ਸਕਣ। ਆਪਣੀਆਂ ਧੀਆਂ ਨੂੰ ਪੜ੍ਹਾ-ਲਿਖਾ ਕੇ ਹੁਨਰਮੰਦ ਅਤੇ ਅਕਲਮੰਦ ਬਣਾਓ, ਤਾਂ ਕਿ ਉਹ ਆਪਣੀ ਨਵੀਂ ਜ਼ਿੰਦਗੀ ਦੀ ਚੰਗੀ ਸ਼ੁਰੂਆਤ ਕਰ ਸਕਣ। ਆਪਣੇ ਬਾਰੇ ਆਪ ਫ਼ੈਸਲਾ ਕਰ ਸਕਣ। ਧੀ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਜੇਕਰ ਮਨ ਦੁਚਿੱਤੀ ਵਿਚ ਹੋਵੇ, ਸਥਿਤੀ ਸਪੱਸ਼ਟ ਨਾ ਹੋਵੇ ਤਾਂ ਕਿਸੇ ਆਪਣੇ ਦੀ ਝਿਜਕ ਨਾ ਰੱਖੋ, ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਇਨਕਾਰ ਕਰ ਦਿਓ। ਪੜ੍ਹੀ-ਲਿਖੀ ਬੱਚੀ ਨਾਲ ਸਲਾਹ ਕਰੋ। ਪਛਤਾਵਾ ਵਿਛੋੜੇ ਨਾਲੋਂ ਜ਼ਿਆਦਾ ਦੁਖਦਾਈ ਹੁੰਦਾ ਹੈ।

0 0

ਜਿਸ ਘਰ ਵਿਚ ਹਮੇਸ਼ਾ ਪਤੀ-ਪਤਨੀ ਵੱਲੋਂ ਲੜਾਈ-ਝਗੜੇ ਦਾ ਮਾਹੌਲ ਬਣਿਆ ਰਹਿੰਦਾ ਹੈ, ਉਥੇ ਅਕਸਰ ਹੀ ਬੱਚਿਆਂ ‘ਤੇ ਬੁਰਾ ਪ੍ਰਭਾਵ ਪੈਣਾ ਕੁਦਰਤੀ ਹੈ | ਪਰ ਇਸ ਦੇ ਉਲਟ ਜਿਸ ਘਰ ਵਿਚ ਅਮਨ ਚੈਨ ਅਤੇ ਪਿਆਰ ਦਾ ਮਾਹੌਲ ਹੁੰਦਾ ਹੈ, ਉਥੇ ਬੱਚੇ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਯੋਜਨਾਬੱਧ ਢੰਗ ਨਾਲ ਹੁੰਦਾ ਹੈ | ਪਰ ਆਮ ਕਰਕੇ ਦੇਖਿਆ ਜਾਂਦਾ ਹੈ ਕਿ ਬਹੁਤ ਸਾਰੇ ਘਰਾਂ ਵਿਚ ਤੰੂ-ਤੰੂ, ਮੈਂ-ਮੈਂ ਅਤੇ ਖਿਝਾ-ਖਫੀ ਵਾਲਾ ਮਾਹੌਲ ਪਾਇਆ ਜਾਂਦਾ ਹੈ, ਜਿਸ ਦਾ ਬੱਚਿਆਂ ‘ਤੇ ਬਹੁਤ ਬੁਰੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਪ੍ਰਭਾਵ ਪੈਂਦਾ ਹੈ |
ਮਾਨਸਿਕ ਪ੍ਰਭਾਵ : ਇਸ ਵਿਚ ਕੋਈ ਸ਼ੱਕ ਨਹੀਂ ਕਿ ਜਿਸ ਘਰ ਵਿਚ ਪਤੀ-ਪਤਨੀ ਕ੍ਰੋਧ ਦਾ ਸ਼ਿਕਾਰ ਹੋ ਕੇ ਆਪਸ ਵਿਚ ਗੁਥਮਗੁੱਥਾ ਹੋਏ ਰਹਿੰਦੇ ਹਨ, ਉਥੇ ਬੱਚੇ ਸਿਹਤਮੰਦ ਰਹਿਨੁਮਾਈ ਹਾਸਲ ਕਰਨ ਤੋਂ ਵਾਂਝੇ ਰਹਿ ਕੇ ਡਰ ਅਤੇ ਸਹਿਮ ਦਾ ਜੀਵਨ ਗੁਜ਼ਾਰਦੇ ਹਨ | ਇਸ ਤਰ੍ਹਾਂ ਦੇ ਮਾਹੌਲ ਵਿਚ ਬੱਚੇ ਲਾਡ-ਪਿਆਰ ਤੋਂ ਵੀ ਵਾਂਝੇ ਰਹਿੰਦੇ ਹਨ ਅਤੇ ਖੁੱਲ੍ਹ ਕੇ ਮਨ ਦੀ ਗੱਲ ਵੀ ਨਹੀਂ ਕਰ ਸਕਦੇ | ਇਸ ਤਰ੍ਹਾਂ ਦਾ ਮਾਰੂ ਪ੍ਰਭਾਵ ਬੱਚਿਆਂ ਵਿਚ ਸਵੈਮਾਣ ਅਤੇ ਆਤਮਵਿਸ਼ਵਾਸ ਦੀ ਭਾਵਨਾ ਦਾ ਦਮਨ ਕਰਦਾ ਹੈ | ਜਦੋਂ ਮਾਤਾ-ਪਿਤਾ ਆਪਣੇ ਹੀ ਝਗੜਿਆਂ ਵਿਚ ਉਲਝੇ ਰਹਿਣ ਤਾਂ ਵਿਚਾਰੇ ਬੱਚਿਆਂ ਵੱਲ ਕਿਸ ਨੇ ਧਿਆਨ ਦੇਣਾ ਹੈ? ਕਈ ਵਾਰੀ ਪਤੀ-ਪਤਨੀ ਕ੍ਰੋਧ ਵਿਚ ਸੜਦੇ-ਬਲਦੇ ਹੋਏ ਆਪਣੇ ਬੱਚਿਆਂ ਨੂੰ ਹੀ ਕੁੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਸਾਰੇ ਕ੍ਰੋਧ ਦਾ ਭਾਂਡਾ ਬੱਚਿਆਂ ਦੇ ਸਿਰ ‘ਤੇ ਭੱਜਦਾ ਹੈ | ਇਸ ਤਰ੍ਹਾਂ ਦੇ ਘੁਟਵੇਂ ਵਾਤਾਵਰਨ ਵਿਚ ਬੱਚਿਆਂ ਦੇ ਮਨਾਂ ਵਿਚ ਕਈ ਤਰ੍ਹਾਂ ਦੀਆਂ ਮਾਨਸਿਕ ਉਲਝਣਾਂ ਦਾ ਵਿਕਸਤ ਹੋਣਾ ਸੰਭਵ ਹੈ ਅਤੇ ਉਨ੍ਹਾਂ ਦਾ ਭਵਿੱਖ ਤਬਾਹ ਹੋ ਸਕਦਾ ਹੈ |
ਸਰੀਰਕ ਪ੍ਰਭਾਵ : ਜਿਹੜੇ ਬੱਚੇ ਨਿਰੰਤਰ ਘੁਟਵੇਂ ਵਾਤਾਵਰਨ ਵਿਚ ਜੀਵਨ ਗੁਜ਼ਾਰਦੇ ਹਨ, ਉਨ੍ਹਾਂ ਦੀ ਮਾਨਸਿਕ ਅਵਸਥਾ ਦਾ ਉਨ੍ਹਾਂ ਦੇ ਸਰੀਰ ਉੱਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਉਹ ਕੱਦ-ਕਾਠ ਵਿਚ ਕਮਜ਼ੋਰ ਅਤੇ ਅਸਵਸਥ ਰਹਿ ਸਕਦੇ ਹਨ | ਇਹ ਸਿੱਧ ਹੋ ਚੁੱਕਾ ਹੈ ਕਿ ਝਗੜੇ, ਫਸਾਦ ਅਤੇ ਕਲੇਸ਼ ਦੇ ਮਾਹੌਲ ਵਿਚ ਪਲ ਰਹੇ ਬੱਚੇ ਕ੍ਰੋਧੀ ਅਤੇ ਖਿਝੂ ਹੋਣ ਕਰਕੇ ਸਰੀਰਕ ਤੌਰ ‘ਤੇ ਕਮਜ਼ੋਰ ਰਹਿੰਦੇ ਹਨ | ਪ੍ਰਯੋਗ ਕਰਨ ਲਈ ਕੁਝ ਬੱਚਿਆਂ ਨੂੰ ਚੁਣਿਆ ਗਿਆ, ਜੋ ਘਰੇਲੂ ਝਗੜੇ ਦੇ ਮਾਹੌਲ ਵਿਚ ਪਲ ਰਹੇ ਸਨ ਅਤੇ ਡਰ ਅਤੇ ਸਹਿਮ ਦਾ ਸ਼ਿਕਾਰ ਸਨ ਪਰ ਜਦੋਂ ਉਨ੍ਹਾਂ ਨੂੰ ਆਜ਼ਾਦ ਮਾਹੌਲ ਵਿਚ ਰੱਖਿਆ ਗਿਆ ਤਾਂ ਉਹ ਦਿਮਾਗੀ ਅਤੇ ਸਰੀਰਕ ਤੌਰ ‘ਤੇ ਨਾਰਮਲ ਅਵਸਥਾ ਵਿਚ ਆ ਗਏ | ਜਦੋਂ ਉਨ੍ਹਾਂ ਨੂੰ ਵਾਪਸ ਘਰ ਭੇਜਿਆ ਗਿਆ ਤਾਂ ਉਨ੍ਹਾਂ ਦੀ ਵਿਕਸਤ ਹੋ ਰਹੀ ਸ਼ਖ਼ਸੀਅਤ ਫਿਰ ਸੁੰਗੜਨ ਲੱਗੀ | ਮਨੁੱਖ ਦੇ ਸਰੀਰ ਵਿਚ ਇਕ ਵਿਸ਼ੇਸ਼ ਪ੍ਰਕਾਰ ਦੀ ਹਰਾ ਹੁੰਦੀ ਹੈ, ਜਿਸ ਨੂੰ ਪੀ ਟਿਊਸ਼ਰੀ ਹਰਾ ਕਹਿੰਦੇ ਹਨ | ਇਹ ਹਰਾ ਇਕ ਲੇਸਦਾਰ ਪਦਾਰਥ ਛੱਡਦੀ ਹੈ, ਜੋ ਲਹੂ ਨਾਲ ਮਿਲ ਕੇ ਸਰੀਰ ਦੀਆਂ ਦੂਜੀਆਂ ਰਗਾਂ ਵਿਚ ਪ੍ਰਵੇਸ਼ ਕਰਦਾ ਹੈ |

0 0

ਯੁੱਗ ਬਦਲ ਗਿਆ, ਪਰ ਨੂੰਹ-ਸੱਸ ਦਾ ਰਿਸ਼ਤਾ ਨਹੀਂ ਬਦਲਿਆ | ਆਧੁਨਿਕ ਸਮੇਂ ਵਿਚ ਵੀ ਅੱਜ ਦੋਵਾਂ ਦੇ ਰਿਸ਼ਤੇ ਵਿਚ ਉਹ ਪਿਆਰ ਅਤੇ ਮੇਲ-ਮਿਲਾਪ ਨਹੀਂ ਜਿਹੜਾ ਮਾਂ-ਧੀ ਵਿਚ ਹੋਣਾ ਚਾਹੀਦਾ ਹੈ, ਜਿਸ ਕਾਰਨ ਅੱਜ ਵੀ ਦੋਵਾਂ ਦੀ ਤਕਰਾਰ ਕਰਕੇ ਕਈ ਘਰ ਟੁੱਟ ਰਹੇ ਹਨ | ਕਿਤੇ ਸੱਸ ਨੂੰ ਸ਼ਿਕਾਇਤ ਹੈ ਕਿ ਉਸ ਨੇ ਨੂੰ ਹ ਦੇ ਹਵਾਲੇ ਸਾਰਾ ਘਰ ਕਰ ਦਿੱਤਾ ਹੈ, ਪਰ ਫਿਰ ਵੀ ਉਸ ਨੇ ਸਹੁਰੇ ਘਰ ਨੂੰ ਅਪਣਾਇਆ ਨਹੀਂ ਅਤੇ ਦੂਜੇ ਪਾਸੇ ਅੰਦਰ ਹੀ ਅੰਦਰ ਘੁਟਦੀ ਨੂੰ ਹ ਕਹਿੰਦੀ ਹੈ ਕਿ ਸਹੁਰੇ ਸਾਰੀ ਉਮਰ ਗੁਜ਼ਾਰ ਦਿੱਤੀ ਹੈ, ਪਰ ਅਜੇ ਵੀ ਉਸ ਨੂੰ ਉਥੋਂ ਦੀ ਸਿਟੀਜ਼ਨਸ਼ਿਪ ਨਹੀਂ ਮਿਲੀ, ਕਿਉਂਕਿ ਅਜੇ ਵੀ ਉਸ ਨੂੰ ਬੇਗਾਨੀ ਧੀ ਹੀ ਸਮਝਿਆ ਜਾਂਦਾ ਹੈ | ਬੜੇ ਅਫਸੋਸ ਦੀ ਗੱਲ ਹੈ ਕਿ ਦੋਵੇਂ ਇਕ ਦਰੱਖਤ ਦੀਆਂ ਹੀ ਸ਼ਾਖਾ ਹਨ, ਪਰ ਫਿਰ ਵੀ ਇਕੱਠੇ ਹੁਲਾਰੇ ਲੈਣ ਦੀ ਬਜਾਏ ਇਕ-ਦੂਜੇ ਨੂੰ ਤੋੜਨ ਦੀ ਹੋੜ ਵਿਚ ਜਾਂ ਨੀਵਾਂ ਦਿਖਾਉਣ ਵਿਚ ਲੱਗੀਆਂ ਰਹਿੰਦੀਆਂ ਹਨ |
ਪਰ ਜੇ ਥੋੜ੍ਹੀ ਜਿਹੀ ਸਾਵਧਾਨੀ ਨਾਲ ਅਤੇ ਸਮੇਂ ਅਨੁਸਾਰ ਆਪਣੇ-ਆਪ ਨੂੰ ਦੋਵੇਂ ਪੱਖ ਢਾਲਣ ਦੀ ਕੋਸ਼ਿਸ਼ ਕਰਨ ਤਾਂ ਇਸ ਰਿਸ਼ਤੇ ਨੂੰ ਮਾਂ-ਬੇਟੀ ਦਾ ਨਾਂਅ ਦਿੱਤਾ ਜਾ ਸਕਦਾ ਹੈ | ਕੁਝ ਗੱਲਾਂ ਸੱਸ ਨੂੰ ਵੀ ਮਾਂ ਬਣਨ ਲਈ ਬਹੁਤ ਜ਼ਰੂਰੀ ਹਨ | ਜੇ ਸੱਸ ਚਾਹੁੰਦੀ ਹੈ ਕਿ ਨੂੰ ਹ ਉਸ ਨੂੰ ਮਾਂ ਸਮਝੇ ਤਾਂ ਉਸ ਨੂੰ ਵੀ ਨੂੰ ਹ ਨੂੰ ਧੀ ਸਮਝਣਾ ਪਵੇਗਾ | ਜਿਸ ਤਰ੍ਹਾਂ ਉਹ ਆਪਣੀ ਧੀ ਦੀ ਕਮਜ਼ੋਰੀ ਨੂੰ ਆਪਣੇ-ਆਪ ਵਿਚ ਛੁਪਾ ਲੈਂਦੀ ਹੈ, ਇਸ ਤਰ੍ਹਾਂ ਨੂੰ ਹ ਦੀ ਗ਼ਲਤੀ ਜਾਂ ਕਮਜ਼ੋਰੀ ਨੂੰ ਖਲੇਰਨ ਦੀ ਬਜਾਏ ਸਮਾਂ ਆਉਣ ‘ਤੇ ਸਮਝਾਉਣ ਦੀ ਕੋਸ਼ਿਸ਼ ਕਰੇ | ਇਸ ਤਰ੍ਹਾਂ ਉਹ ਨੂੰ ਹ ਦੇ ਵਿਵਹਾਰ ਵਿਚ ਕਾਫੀ ਬਦਲਾਅ ਲਿਆ ਸਕਦੀ ਹੈ | ਇਸ ਦੇ ਹਰ ਗੱਲ ਅਤੇ ਹਰ ਕੰਮ ਦੀ ਤੁਲਨਾ ਸੱਸ ਨੂੰ ਆਪਣੀ ਨੂੰ ਹ ਦੀ ਧੀ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਹਰ ਆਦਮੀ ਦਾ ਆਪਣਾ-ਆਪਣਾ ਵਿਅਕਤੀਤਵ ਹੁੰਦਾ ਹੈ | ਸੱਸ ਦੀ ਇਹ ਆਦਤ ਅਕਸਰ ਨਨਾਣ-ਭਰਜਾਈ ਦੇ ਰਿਸ਼ਤੇ ਨੂੰ ਕਮਜ਼ੋਰ ਕਰਦੀ ਹੈ ਅਤੇ ਉਨ੍ਹਾਂ ਵਿਚ ਤਰੇੜ ਪਾਉਣ ਦਾ ਕੰਮ ਕਰਦੀ ਹੈ | ਇਸ ਲਈ ਸੱਸ ਨੂੰ ਆਪਣੀ ਨੂੰਹ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ ਕਿ ਨੂੰ ਹ ਪਰਿਵਾਰ ਨੂੰ ਜੋੜਨ ਦਾ ਕੰਮ ਕਰੇ ਨਾ ਕਿ ਤੋੜਨ ਦਾ ਅਤੇ ਨੂੰ ਹ ਨੂੰ ਆਪਣੀ ਸਿੱਖਿਆ ‘ਤੇ ਅਮਲ ਕਰਨਾ ਚਾਹੀਦਾ ਹੈ |
ਬਹੂ-ਬੇਟੇ ਦੀ ਜ਼ਿੰਦਗੀ ਵਿਚ ਵੀ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ | ਜੇ ਦੋਵੇਂ ਗ਼ਲਤੀ ਕਰਦੇ ਹਨ ਤਾਂ ਜ਼ਿੰਮੇਵਾਰ ਇਕੱਲੀ ਨੂੰ ਹ ਨੂੰ ਨਹੀਂ ਠਹਿਰਾਉਣਾ ਚਾਹੀਦਾ, ਬਲਕਿ ਜਿਸ ਦੀ ਗ਼ਲਤੀ ਹੋਵੇ, ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | ਕਈ ਸੱਸਾਂ ਨੂੰ ਹਾਂ ਨੂੰ ਘੱਟ ਦਾਜ ਲਿਆਉਣ ‘ਤੇ ਤੰਗ ਕਰਦੀਆਂ ਹਨ ਜਾਂ ਉਸ ਦਾ ਪੇਕਾ ਘਰ ਕਮਜ਼ੋਰ ਹੋਣ ਕਰਕੇ ਦੂਜਿਆਂ ਸਾਹਮਣੇ ਮਜ਼ਾਕ ਉਡਾਉਂਦੀਆਂ ਹਨ | ਇਸ ਕਾਰਨ ਵੀ ਰਿਸ਼ਤਿਆਂ ਵਿਚ ਦਰਾੜ ਪੈ ਜਾਂਦੀ ਹੈ | ਪੁੱਤ ਦੀ ਮਾਂ ਹੋਣ ਦੇ ਨਾਤੇ ਜੇ ਨੂੰ ਹ ਨੌਕਰੀ ਵਾਲੀ ਹੋਵੇ ਤਾਂ ਉਸ ਦਾ ਸਹਿਯੋਗ ਕਰਨਾ ਚਾਹੀਦਾ ਹੈ, ਛੋਟੀਆਂ-ਛੋਟੀਆਂ ਸਹੂਲਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ | ਆਪਣੇ ਘਰ ਦੇ ਰੀਤੀ-ਰਿਵਾਜਾਂ ਤੋਂ ਨੂੰ ਹ ਨੂੰ ਵਾਕਿਫ ਕਰਵਾਉਣਾ ਚਾਹੀਦਾ ਹੈ, ਤਾਂ ਕਿ ਉਹ ਹੌਲੀ-ਹੌਲੀ ਸਹੁਰਿਆਂ ਅਨੁਸਾਰ ਆਪਣੇ-ਆਪ ਨੂੰ ਢਾਲ ਲਵੇ | ਉਸ ਦੇ ਦੁਆਰਾ ਕੀਤੇ ਗਏ ਉਪਰਾਲੇ ਘਰ ਵਿਚ ਸੁੱਖ-ਸ਼ਾਂਤੀ ਬਣਾਉਣ ਵਿਚ ਮਦਦ ਕਰਨਗੇ | ਇਸ ਤਰ੍ਹਾਂ ਉਹ ਆਪਣੀ ਨੂੰ ਹ ਵਾਸਤੇ ਇਕ ਅਧਿਆਪਕ, ਗਾਈਡ ਅਤੇ ਸਹੇਲੀ ਦੀ ਭੂਮਿਕਾ ਨਿਭਾਅ ਸਕਦੀ ਹੈ |
ਨੂੰਹ ਦੀ ਵੀ ਘਰ ਨੂੰ ਸਵਰਗ ਬਣਾਉਣ ਵਿਚ ਅਹਿਮ ਭੂਮਿਕਾ ਹੁੰਦੀ ਹੈ | ਜੇ ਉਹ ਆਪਣੀ ਸੱਸ ਦੁਆਰਾ ਦਿੱਤੀ ਗਈ ਸਿੱਖਿਆ ਨੂੰ ਟੋਕਾ-ਟਾਕੀ ਨਾ ਸਮਝ ਕੇ ਉਸ ‘ਤੇ ਚੱਲਣ ਦੀ ਕੋਸ਼ਿਸ਼ ਕਰੇ ਤਾਂ ਉਹ ਬੜੇ ਸੁਖਾਵੇਂ ਮਾਹੌਲ ਨੂੰ ਕਾਇਮ ਕਰ ਸਕਦੀ ਹੈ | ਗੱਲ-ਗੱਲ ‘ਤੇ ਸੱਸ ਦੀ ਤੁਲਨਾ ਮਾਂ ਨਾਲ ਨਹੀਂ ਕਰਨੀ ਚਾਹੀਦੀ, ਕਿਉਂਕਿ ਹਰ ਇਕ ਦਾ ਆਪਣਾ-ਆਪਣਾ ਕਿਰਦਾਰ ਹੁੰਦਾ ਹੈ | ਜੇ ਪੇਕਾ ਘਰ ਜ਼ਿਆਦਾ ਅਮੀਰ ਹੋਵੇ ਤਾਂ ਉਸ ਦਾ ਵਾਰ-ਵਾਰ ਅਹਿਸਾਸ ਨਹੀਂ ਕਰਵਾਉਣਾ ਚਾਹੀਦਾ | ਹਰ ਸਮੇਂ ਪੇਕਿਆਂ ਦੀਆਂ ਤਾਰੀਫਾਂ ਅਤੇ ਸਹੁਰਿਆਂ ਦੀਆਂ ਕਮਜ਼ੋਰੀਆਂ ਜੱਗ ਜ਼ਾਹਰ ਕਰਦੇ ਨਹੀਂ ਰਹਿਣਾ ਚਾਹੀਦਾ | ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਦੋ ਪਰਿਵਾਰਾਂ ਦੇ ਮੇਲ ਨਾਲ ਹੀ ਨਵੇਂ ਪਰਿਵਾਰ ਦੀ ਸ਼ੁਰੂਆਤ ਹੁੰਦੀ ਹੈ | ਨੌਕਰੀ ਵਾਲੀ ਨੂੰ ਹ ਨੂੰ ਸਮੇਂ-ਸਮੇਂ ‘ਤੇ ਸੱਸ ਦੀ ਤਾਰੀਫ ਕਰਨੀ ਚਾਹੀਦੀ ਹੈ, ਜੋ ਉਸ ਦਾ ਘਰ-ਬਾਰ ਸੰਭਾਲਦੀ ਹੈ | ਉਸ ਦਾ ਇਸ ਤਰ੍ਹਾਂ ਦਾ ਵਿਵਹਾਰ ਘਰ ਵਿਚ ਖੁਸ਼ਹਾਲੀ ਲਿਆਵੇਗਾ ਅਤੇ ਉਸ ਦਾ ਪਤੀ ਵੀ ਕਈ ਪ੍ਰੇਸ਼ਾਨੀਆਂ ਤੋਂ ਬਚ ਜਾਵੇਗਾ | ਘਰ ਵਿਚ ਹਰ ਤਰ੍ਹਾਂ ਦੀ ਬਰਕਤ ਬਣੀ ਰਹੇਗੀ ਅਤੇ ਇਸ ਤਰ੍ਹਾਂ ਦੇ ਪਰਿਵਾਰ ਸਮਾਜ ਵਿਚ ਸਿਰ ਉੱਚਾ ਕਰਕੇ ਜੀਅ ਸਕਣਗੇ | ਗੱਲਾਂ ਬਹੁਤ ਛੋਟੀਆਂ ਨੇ ਪਰ ਜੇ ਇਨ੍ਹਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਸਮਝ ਨਾਲ ਚੱਲਿਆ ਜਾਵੇ ਤਾਂ ਨੂੰ ਹ-ਸੱਸ ਦਾ ਰਿਸ਼ਤਾ ਮਾਂ-ਧੀ ਦੇ ਪਵਿੱਤਰ ਰਿਸ਼ਤੇ ਵਿਚ ਬਦਲ ਸਕਦਾ ਹੈ, ਕਿਉਂਕਿ ਸੱਸ ਸਾਡੇ ਪਤੀ ਨੂੰ ਜਨਮ ਦੇਣ ਵਾਲੀ ਹੈ ਅਤੇ ਨੂੰ ਹ ਉਸ ਦੇ ਪੁੱਤਰ ਨੂੰ ਘਰ-ਪਰਿਵਾਰ ਦਿੰਦੀ ਹੈ |

0 0

ਹਰ ਲੜਕੀ ਨੇ ਇਕ ਦਿਨ ਮਾਪਿਆਂ ਦਾ ਘਰ ਛੱਡ ਕੇ ਸਹੁਰੇ-ਘਰ ਜਾਣਾ ਹੀ ਹੁੰਦਾ ਹੈ ਅਤੇ ਉਸ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਨੂੰ ਵਰ-ਘਰ ਦੋਵੇਂ ਹੀ ਚੰਗੇ ਮਿਲਣ, ਸਹੁਰੇ-ਘਰ ਉਸ ਦਾ ਮਾਣ-ਸਤਿਕਾਰ ਹੋਵੇ ਅਤੇ ਉਹ ਇਕ ਕਾਮਯਾਬ ਗ੍ਰਹਿਣੀ ਬਣ ਕੇ ਆਪਣਾ ਵਿਆਹੁਤਾ ਜੀਵਨ ਸੁਖੀ ਬਤੀਤ ਕਰ ਸਕੇ। ਇਸ ਪ੍ਰਾਪਤੀ ਲਈ ਉਸ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਭ ਤੋਂ ਪਹਿਲੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਉਹ ਸਹੁਰੇ ਘਰ ਨੂੰ ਬੇਗਾਨਾ ਨਹੀਂ, ਆਪਣਾ ਹੀ ਘਰ ਸਮਝੇ। ਸੱਸ-ਸਹੁਰੇ ਨੂੰ ਆਪਣੇ ਮਾਂ-ਬਾਪ ਦਾ ਦਰਜਾ ਹੀ ਨਾ ਦੇਵੇ, ਸਗੋਂ ਉਨ੍ਹਾਂ ਨੂੰ ਆਪਣੇ ਹੀ ਮਾਤਾ-ਪਿਤਾ ਸਮਝੇ ਅਤੇ ਉਨ੍ਹਾਂ ਤੋਂ ਵੀ ਵੱਧ ਸਤਿਕਾਰ ਦੇਵੇ ਤਾਂ ਕੋਈ ਕਾਰਨ ਹੀ ਨਹੀਂ ਕਿ ਸੱਸ-ਸਹੁਰਾ ਉਸ ਨੂੰ ਧੀਆਂ ਵਾਲਾ ਪਿਆਰ ਨਾ ਦੇਣ। ਇਸੇ ਤਰ੍ਹਾਂ ਘਰ ਦੇ ਛੋਟੇ-ਵੱਡੇ ਜੀਆਂ ਨੂੰ ਵੀ ਮਾਣ-ਸਤਿਕਾਰ ਦਿਓ। ਘਰ ਦੇ ਵਾਤਾਵਰਨ ਅਨੁਸਾਰ ਆਪਣੇ-ਆਪ ਨੂੰ ਢਾਲ ਲਓ। ਜਿਥੇ ਤੁਹਾਨੂੰ ਕੁਝ ਗ਼ਲਤ ਲਗਦਾ ਹੈ, ਉਥੇ ਸੁਧਾਰ ਕਰਨ ਦੀ ਕੋਸ਼ਿਸ਼ ਕਰੋ। ਅਗਲੀ ਜ਼ਰੂਰੀ ਗੱਲ ਇਹ ਹੈ ਕਿ ਤੁਹਾਨੂੰ ਰਸੋਈ ਦੇ ਕੰਮ ਵਿਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਚਾਹੇ ਲੜਕੀ ਪੜ੍ਹੀ-ਲਿਖੀ ਹੈ ਜਾਂ ਨੌਕਰੀ ਕਰਦੀ ਹੈ, ਭੋਜਨ ਬਣਾਉਣ ਦਾ ਕੰਮ ਆਉਣਾ ਬਹੁਤ ਜ਼ਰੂਰੀ ਹੈ। ਪੇਕੇ ਘਰ ਤਾਂ ਸਰ ਜਾਂਦਾ ਹੈ ਪਰ ਸਹੁਰੇ ਘਰ ਮੁਸ਼ਕਿਲਾਂ ਆ ਸਕਦੀਆਂ ਹਨ।
ਨਵੀਂ-ਨਵੀਂ ਵਹੁਟੀ ਨੂੰ ਗੁਆਂਢ ਦੀਆਂ ਔਰਤਾਂ ਵੀ ਮਿਲਣ ਆਉਂਦੀਆਂ ਹਨ। ਉਨ੍ਹਾਂ ਦੀ ਗੱਲਬਾਤ ਧਿਆਨ ਨਾਲ ਸੁਣੋ, ਕੋਈ ਗੱਲ ਪੁੱਛਣ ਤਾਂ ਸੋਚ-ਸਮਝ ਕੇ ਜਵਾਬ ਦਿਓ। ਇਸ ਗੱਲ ਦਾ ਖਿਆਲ ਰੱਖੋ ਕਿ ਉਹ ਤੁਹਾਡੇ ਸਹੁਰੇ ਘਰ ਦੀ ਉਕਸਾਊ ਗੱਲਬਾਤ ਤਾਂ ਨਹੀਂ ਕਰਦੀਆਂ। ਕਿਉਂਕਿ ਲਗਾਈ-ਬੁਝਾਈ ਕਰਨ ਵਾਲੀਆਂ ਔਰਤਾਂ ਦੂਜੇ ਦੇ ਘਰ ‘ਚ ਲੜਾਈ ਕਰਵਾ ਕੇ ਤਮਾਸ਼ਾ ਦੇਖਣ ਦਾ ਸ਼ੌਕ ਰੱਖਦੀਆਂ ਹਨ। ਇਨ੍ਹਾਂ ਦੀ ਇਸ ਚਲਾਕੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ।
ਘਰ ਵਿਚ ਮਹਿਮਾਨ ਆ ਜਾਣ ਤਾਂ ਸਭ ਦਾ ਖਿੜੇ ਮੱਥੇ ਸੁਆਗਤ ਕਰੋ। ਤੁਹਾਡੇ ਪੇਕਿਆਂ ਤੋਂ ਹੋਣ ਜਾਂ ਸੱਸ ਦੇ ਪੇਕਿਆਂ ਤੋਂ ਜਾਂ ਸ਼ਰੀਕੇ-ਭਾਈਚਾਰੇ ਦੇ ਹੋਣ, ਬਿਨਾਂ ਵਿਤਕਰੇ ਸਭ ਦਾ ਆਦਰ ਕਰਨਾ ਜ਼ਰੂਰੀ ਹੈ। ਚਾਹ ਨਾਲ ਕੀ ਦੇਣਾ ਹੈ, ਰੋਟੀ ਵਿਚ ਕੀ-ਕੀ ਬਣੇ, ਇਸ ਵਿਚ ਸੱਸ ਦੀ ਸਲਾਹ ਜ਼ਰੂਰ ਲਵੋ। ਅਗਰ ਕੁਝ ਤਬਦੀਲੀ ਕਰਨੀ ਹੈ ਤਾਂ ਆਪਣੀ ਰਾਇ ਵੀ ਜ਼ਰੂਰ ਦਿਓ। ਤੁਸੀਂ ਖਾਣੇ ਵਿਚ ਕੀ ਦਿੱਤਾ, ਇਸ ਦਾ ਕੋਈ ਖਾਸ ਮਹੱਤਵ ਨਹੀਂ, ਮੁੱਲ ਇਸ ਗੱਲ ਦਾ ਪੈਂਦਾ ਹੈ ਕਿ ਤੁਸੀਂ ਖਾਣਾ ਖਿੜੇ ਮੱਥੇ ਖੁਆਇਆ ਕਿ ਬੱਝੇ-ਰੁੱਝੇ। ਇਸ ਤੋਂ ਅਗਲੀ ਗੱਲ ਆਉਂਦੀ ਹੈ ਰਿਸ਼ਤੇਦਾਰੀਆਂ ਵਿਚ ਆਉਣ-ਜਾਣ ਦੀ। ਇਕ ਗੱਲ ਘੁੱਟ ਕੇ ਪੱਲੇ ਬੰਨ੍ਹ ਲਓ, ਜਿਸ ਘਰ ਵਿਚ ਜਾਂ ਰਿਸ਼ਤੇਦਾਰੀ ਵਿਚ ਤੁਹਾਡੇ ਸਹੁਰੇ ਪਰਿਵਾਰ ਦਾ ਮੇਲ-ਜੋਲ ਨਹੀਂ, ਉਥੇ ਕਦੇ ਭੁੱਲ ਕੇ ਵੀ ਨਾ ਜਾਓ।

0 0

1 ਪਤੀ ਨੂੰ ਕਦੇ-ਕਦਾਈਾ ਪਰਸ, ਸ਼ਰਟ, ਟਾਈ ਵਰਗੀਆਂ ਚੀਜ਼ਾਂ ਤੋਹਫੇ ਵਜੋਂ ਦੇਣੀਆਂ ਚਾਹੀਦੀਆਂ ਹਨ |
2 ਪਤੀ ਤੁਹਾਡੇ ਕੋਲ ਪੈਸਾ ਰੱਖਦੇ ਹਨ ਅਤੇ ਕਹਿੰਦੇ ਹਨ ਕਿ ਲੋੜ ਪੈਣ ‘ਤੇ ਇਨ੍ਹਾਂ ਵਿਚੋਂ ਤੁਸੀਂ ਪੈਸਾ ਲੈ ਸਕਦੀ ਹੋ, ਜਦੋਂ ਕਿ ਉਹ ਚਾਹੁੰਦੇ ਹਨ ਕਿ ਤੁਸੀਂ ਇਸ ਵਿਚੋਂ ਇਕ ਵੀ ਪੈਸਾ ਨਾ ਲਓ, ਭਾਵੇਂ ਲੋੜ ਹੀ ਕਿਉਂ ਨਾ ਹੋਵੇ |
3 ਪਤੀ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਯਾਦ ਨਾ ਕਰਾਓ ਕਿ ਘਰ ਦੇ ਖਰਚੇ ਲਈ ਉਨ੍ਹਾਂ ਨੇ ਤੁਹਾਨੂੰ ਘੱਟ ਪੈਸੇ ਦਿੱਤੇ ਹਨ | ਤੁਸੀਂ ਘੱਟ ਪੈਸਿਆਂ ਵਿਚ ਹੀ ਘਰ ਚਲਾਓ |
4 ਪਤਨੀ ਰੋਜ਼ਾਨਾ ਦੇ ਭੋਜਨ ਤੋਂ ਇਲਾਵਾ ਕੁਝ ਵਿਸ਼ੇਸ਼ ਵੀ ਬਣਾਵੇ, ਜਿਵੇਂ ਸਮੋਸਾ, ਗੁਲਾਬ ਜਾਮਣ ਆਦਿ |
5 ਕੱਪੜੇ ਧੋ ਕੇ, ਪ੍ਰੈੱਸ ਕਰਕੇ ਪਤੀ ਦੀ ਅਲਮਾਰੀ ਵਿਚ ਰੱਖੋ |
6 ਤੁਸੀਂ ਹਮੇਸ਼ਾ ਸੁੰਦਰ ਬਣ ਕੇ ਰਹੋ ਅਤੇ ਪਾਰਟੀ ਵਿਚ ਤੁਸੀਂ ਹੀ ਨਜ਼ਰ ਆਓ | ਗੱਲਬਾਤ ਦਾ ਵਧੀਆ ਢੰਗ ਹੋਵੇ |
7 ਹਰ ਖੂਬਸੂਰਤ ਔਰਤ ਪਤੀ ਨੂੰ ਆਕਰਸ਼ਤ ਨਹੀਂ ਕਰ ਸਕਦੀ | ਜਦੋਂ ਪਤੀ ਟੀ. ਵੀ. ਦੇਖ ਰਹੇ ਹੋਣ, ਉਦੋਂ ਰਿਸ਼ਤੇਦਾਰੀ ਜਾਂ ਬੱਚਿਆਂ ਦੀ ਸਮੱਸਿਆ ਬਾਰੇ ਜ਼ਿਕਰ ਨਾ ਕਰੋ, ਉਹ ਗੁੱਸੇ ਹੋ ਜਾਣਗੇ, ਕਿਉਂਕਿ ਉਹ ਇਕ ਵਾਰ ਵਿਚ ਇਕ ਕੰਮ ਵੱਲ ਹੀ ਇਕਾਗਰ ਹੋ ਸਕਦੇ ਹਨ |
8 ਜੇਕਰ ਉਹ ਆਪਣੀ ਮਾਂ ਦੇ ਹੱਥ ਦੇ ਬਣਾਏ ਭੋਜਨ ਨੂੰ ਯਾਦ ਕਰ ਰਹੇ ਹੋਣ ਤਾਂ ਮੰੂਹ ਨਾ ਬਣਾਓ, ਸਗੋਂ ਤਾਰੀਫ ਵਿਚ ਦੋ ਸ਼ਬਦ ਤੁਸੀਂ ਵੀ ਬੋਲੋ |
9 ਹਰ ਪਤੀ ਆਪਣੀ ਨਜ਼ਰ ਵਿਚ ਸਭ ਤੋਂ ਵਧੀਆ ਡਰਾਈਵਰ ਹੈ, ਇਸ ਲਈ ਜਦੋਂ ਉਹ ਗੱਡੀ ਚਲਾ ਰਹੇ ਹੋਣ ਤਾਂ ਤੁਸੀਂ ਆਪਣੀ ਸਲਾਹ ਆਪਣੇ ਕੋਲ ਰੱਖੋ |
10 ਪਤੀ ਨੂੰ ਪਤਨੀ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਹੋ ਸਕਦੀਆਂ ਹਨ, ਪਰ ਉਨ੍ਹਾਂ ਲਈ ਪਤਨੀ ਬਹੁਤ ਆਕਰਸ਼ਕ, ਖੂਬਸੂਰਤ, ਕਾਮੁਕ, ਹਸਮੁਖ ਅਤੇ… ਹੁੰਦੀ ਹੈ | ਜੇਕਰ ਪਤਨੀ ਨਾ ਹੋਵੇ ਤਾਂ ਪਤੀ ਲਈ ਨਾ ਸਿਰਫ ਘਰ, ਸਗੋਂ ਪੂਰੀ ਦੁਨੀਆ ਸੁੰਨੀ ਹੋ ਜਾਂਦੀ ਹੈ |

0 0

ਵਿਆਹ ਇਕ ਅਜਿਹਾ ਸਮਾਜਿਕ ਰਿਸ਼ਤਾ ਹੁੰਦਾ ਹੈ, ਜਿਸ ‘ਚ ਕੁੜੀ ਨੂੰ ਹਰ ਥਾਂ, ਹਰ ਕਦਮ ਸੋਚ-ਸਮਝ ਕੇ ਧਰਨਾ ਪੈਂਦਾ ਹੈ ਭਾਵ ਉਸ ਨੂੰ ਕੋਈ ਵੀ ਕੰਮ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਸਭ ਦੀ ਸਹਿਮਤੀ ਨਾਲ ਕਰਨਾ ਪੈਂਦਾ ਹੈ। ਅਜਿਹੇ ‘ਚ ਉਸ ਲਈ ਸੱਸ ਨਾਲ ਆਪਣੇ ਰਿਸ਼ਤੇ ‘ਚ ਮਿਠਾਸ ਲਿਆਉਣਾ ਕਾਫੀ ਮੁਸ਼ਕਿਲ ਹੁੰਦਾ ਹੈ
1. ਸਹੁਰੇ ਘਰ ‘ਚ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਨਵੀਂ ਵਿਆਹੀ ਆਪਣੇ ਮਨ ‘ਚ ਰੱਖ ਕੇ ਕੁੜ੍ਹਦੀ ਰਹਿੰਦੀ ਹੈ। ਇਸ ਲਈ ਚੰਗਾ ਹੋਵੇਗਾ ਜੇਕਰ ਤੁਸੀਂ ਨਿੱਕੀਆਂ-ਨਿੱਕੀਆਂ ਗੱਲਾਂ ਦਾ ਮੁੱਦਾ ਬਣਾਉਣ ਦੀ ਬਜਾਏ ਉਨ੍ਹਾਂ ਨੂੰ ਰਫਾ-ਦਫਾ ਕਰ ਦਿਓ।
2. ਜ਼ਿਆਦਾਤਰ ਘਰਾਂ ‘ਚ ਹੋਣ ਵਾਲੇ ਝਗੜਿਆਂ ਦਾ ਇਕ ਮੁਖ ਕਾਰਨ ਹੁੰਦਾ ਹੈ ਨੂੰਹ-ਸੱਸ ਦਾ ਇਕ-ਦੂਜੀ ਤੋਂ ਅਸੁਰੱਖਿਅਤ ਮਹਿਸੂਸ ਕਰਨਾ। ਸੱਸ ਸੋਚਦੀ ਹੈ ਕਿ ਪਤਨੀ ਆ ਜਾਣ ਨਾਲ ਉਸ ਦਾ ਬੇਟਾ ਉਸ ਵੱਲ ਧਿਆਨ ਨਹੀਂ ਦੇਵੇਗਾ। ਮਾਂ ਦਾ ਫਰਜ਼ ਮਾਂ ਹੀ ਨਿਭਾਏ ਅਤੇ ਨੂੰਹ ਨੂੰ ਵੀ ਆਪਣੇ ਕੰਮ ਕਰਨ ‘ਚ ਆਜ਼ਾਦੀ ਹੋਵੇ। ਇਸ ਤਰ੍ਹਾਂ ਦੋਹਾਂ ਨੂੰ ਚੰਗੇ ਲੱਗੇਗਾ ਅਤੇ ਘਰ ‘ਚ ਨੂੰਹ ਦੀ ਇਮੇਜ ਵੀ ਚੰਗੀ ਬਣੀ ਰਹੇਗੀ।
3. ਕੁੜ੍ਹਣ ਨਾਲੋਂ ਚੰਗਾ ਹੈ ਕਿ ਤੁਸੀਂ ਆਪਣੀ ਸੱਸ ਨਾਲ ਖੁੱਲ੍ਹ ਕੇ ਗੱਲ ਕਰੋ ਅਤੇ ਆਪਣਾ ਨਜ਼ਰੀਆ ਉਨ੍ਹਾਂ ਦੇ ਸਾਹਮਣੇ ਰੱਖੋ। ਜੇ ਕੁਝ ਪਸੰਦ ਨਹੀਂ ਹੈ ਤਾਂ ਉਹ ਵੀ ਦੱਸੋ। ਯਕੀਨਨ ਤੁਹਾਡੀ ਸੱਸ ਨੂੰ ਤੁਹਾਡਾ ਇਹ ਤਰੀਕਾ ਪਸੰਦ ਆਏਗਾ ਅਤੇ ਉਹ ਅਗਾਂਹ ਤੋਂ ਇਸ ਗੱਲ ਦਾ ਧਿਆਨ ਵੀ ਰੱਖੇਗੀ।
4. ਅਕਸਰ ਕਿਹਾ ਜਾਂਦਾ ਹੈ ਕਿ ਸੱਸ ਨੂੰ ਮਾਂ ਸਮਝਣਾ ਚਾਹੀਦੈ। ਕੁੜੀਆਂ ਇਸੇ ਆਸ ਨਾਲ ਸਹੁਰੇ ਘਰ ਆ ਜਾਂਦੀਆਂ ਹਨ ਪਰ ਜਦੋਂ ਸੱਸਾਂ ਉਨ੍ਹਾਂ ਦੀਆਂ ਆਸਾਂ ‘ਤੇ ਖਰੀਆਂ ਨਹੀਂ ਉਤਰਦੀਆਂ ਤਾਂ ਕਲੇਸ਼ ਪੈਦਾ ਹੋਣ ਲੱਗਦਾ ਹੈ। ਇਸ ਲਈ ਸੱਸ ਨੂੰ ਮਾਂ ਵਾਂਗ ਸਮਝੋ, ਨਾ ਕਿ ਮਾਂ। ਹਰ ਰਿਸ਼ਤੇ ਦੀ ਆਪਣੀ ਮਰਿਆਦਾ ਹੁੰਦੀ ਹੈ, ਜਿਸ ਦੇ ਅੰਦਰ ਹੀ ਰਿਸ਼ਤਾ ਨਿਭਾਇਆ ਜਾਵੇ ਤਾਂ ਚੰਗਾ ਹੁੰਦਾ ਹੈ।
5.ਅਕਸਰ ਚੰਗੀ ਬਣਨ ਦੇ ਚੱਕਰ ‘ਚ ਨੂੰਹ ਆਪਣੇ ਪ੍ਰਤੀ ਸੱਸ ਦੀਆਂ ਆਸਾਂ ਵਧਾ ਲੈਂਦੀ ਹੈ। ਕੁਝ ਦਿਨਾਂ ਤੱਕ ਤਾਂ ਇਹ ਠੀਕ ਰਹਿੰਦਾ ਹੈ ਪਰ ਅਗਾਂਹ ਜਿਵੇਂ-ਜਿਵੇਂ ਜ਼ਿੰਮੇਵਾਰੀਆਂ ਵਧਦੀਆਂ ਹਨ, ਤੁਹਾਡੀ ਇਹ ਆਦਤ ਪਰੇਸ਼ਾਨੀਆਂ ਪੈਦਾ ਕਰ ਸਕਦੀ ਹੈ।
6. ਆਪਣੇ ਚੰਗੇ-ਬੁਰੇ ਦੀ ਹੱਦ ਤੈਅ ਕਰਨ ਦਾ ਅਧਿਕਾਰ ਨੂੰਹ ਕੋਲ ਹੋਣਾ ਚਾਹੀਦੈ। ਇਸ ਦੇ ਲਈ ਇਕ ਅਜਿਹੀ ਰੇਖਾ ਤੈਅ ਹੋਣੀ ਚਾਹੀਦੀ ਹੈ, ਜਿਸ ਨੂੰ ਨਾ ਤਾਂ ਕਦੇ ਸੱਸ ਪਾਰ ਕਰੇ ਅਤੇ ਨਾ ਹੀ ਨੂੰਹ ਪਰ ਸੱਸ ਨੂੰ ਇਸ ਗੱਲ ਦਾ ਅਹਿਸਾਸ ਖੁਦ ਨੂੰਹ ਨੂੰ ਕਰਵਾਉਣਾ ਪਏਗਾ ਭਾਵ ਜੇਕਰ ਪਤੀ-ਪਤਨੀ ਕਿਤੇ ਘੁੰਮਣ ਚੱਲੇ ਹਨ ਤਾਂ ਜ਼ਰੂਰੀ ਨਹੀਂ ਕਿ ਸੱਸ ਵੀ ਨਾਲ ਚੱਲੇ।
7. ਇਹ ਰਿਸ਼ਤਾ ਹੀ ਇਹੋ ਜਿਹਾ ਹੈ ਕਿ ਇਸ ‘ਚ ਕਦੇ-ਕਦੇ ਸੱਚ ਬੋਲਣਾ ਖਤਰਨਾਕ ਹੋ ਸਕਦਾ ਹੈ। ਇਸ ਲਈ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਆਲੇ-ਦੁਆਲੇ ਦਾ ਮਾਹੌਲ ਦੇਖ
ਲਓ, ਫਿਰ ਆਪਣੀ ਗੱਲ ਰੱਖੋ। ਇਕ ਵਾਰ ਤੁਹਾਡੇ ਮੂੰਹੋਂ ਨਿਕਲੀ ਗੱਲ ਤੁਹਾਨੂੰ ਸਾਰੀ ਜ਼ਿੰਦਗੀ ਪਰੇਸ਼ਾਨ ਕਰ ਸਕਦੀ ਹੈ।
8. ਆਪਣੇ ਪਤੀ ਨਾਲ ਹੋਏ ਝਗੜੇ ਨੂੰ ਆਪਣੀ ਸੱਸ ਤੋਂ ਦੂਰ ਰੱਖੋ ਕਿਉਂਕਿ ਕਈ ਵਾਰ ਇਨ੍ਹਾਂ ਝਗੜਿਆਂ ਨੂੰ ਸੁਲਝਾਉਣ ਦੇ ਚੱਕਰ ‘ਚ ਨੂੰਹ ਆਪਣੀ ਸੱਸ ਸਾਹਮਣੇ ਉਸ ਦੇ ਬੇਟੇ ਦੀ ਦੁਸ਼ਮਨ ਬਣ ਜਾਂਦੀ ਹੈ।
9. ਸੁਣੀਆਂ-ਸੁਣਾਈਆਂ ਗੱਲਾਂ ਤੋਂ ਪਰੇਸ਼ਾਨ ਹੋਣ ਨਾਲੋਂ ਚੰਗਾ ਹੈ ਕਿ ਤੁਸੀਂ ਦੋਵੇਂ ਆਹਮੋ-ਸਾਹਮਣੇ ਬੈਠ ਕੇ ਆਪ ਹੀ ਸਭ ਕੁਝ ਸਪੱਸ਼ਟ ਕਰ ਲਓ ਤਾਂਕਿ ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਾ ਰਹੇ।
10. ਜ਼ਿਆਦਾਤਰ ਔਰਤਾਂ ਆਪਣੇ ਸਹੁਰੇ ਪਰਿਵਾਰ ਦੀਆਂ ਸ਼ਿਕਾਇਤਾਂ ਕਰਦੀਆਂ ਨਜ਼ਰ ਆਉਂਦੀਆਂ ਹਨ ਖਾਸ ਕਰ ਆਪਣੇ ਪਤੀ ਨਾਲ। ਇਹ ਆਦਤ ਕਾਫੀ ਗਲਤ ਅਸਰ ਪਾਉਂਦੀ ਹੈ।

0 0

ਔਰਤਾਂ ਦੀ ਮਾਨਸਿਕ ਸਿਹਤ ਵਿਚ ਸੁਧਾਰ ਕਰਨਾ ਅਤੇ ਉਹਨਾਂ ਵਿਚ ਮਾਨਸਿਕ ਰੋਗਾਂ ਦੇ ਵਿਕਸਤ ਹੋਣ ਨੂੰ ਰੋਕਣਾ ਸੰਭਵ ਹੈ| ਹੇਠਲੇ ਕੁਝ ਸੁਝਾਅ ਲਾਹੇਵੰਦ ਸਾਬਿਤ ਹੋ ਸਕਦੇ ਹਨ|
1 ਔਰਤਾ ਨਾਲ ਭੇਦ-ਭਾਵ ਵਰਤਣਾ ਅਤੇ ਉਹਨਾਂ ਨੂਂ ਅਣਗੋਲਿਆਂ ਕਰਨਾ ਛੱਡ ਦੇਵੋ| ਉਹਨਾਂ ਨੂੰ ਪਰਿਵਾਰ ਤੇ ਸਮਾਜ ਅੰਦਰ ਬਣਦਾ ਸਤਿਕਾਰ ਅਤੇ ਮਾਣ ਦੇਵੋ|
2 ਲੜਕੀ ਨੂੰ ਮਨਜੂਰ ਕਰੋ ਉਸਨੂੰ ਵੀ ਉਨਾ ਹੀ ਪਿਆਰ ਕਰੋ ਜਿੰਨਾ ਕਿ ਲੜਕੇ ਨੂੰ ਕਰਦੇ ਹੋ| ਲੜਕੇ ਅਤੇ ਲੜਕੀ ਨੂੰ ਘਰ ਦੀ ਹਰ ਚੀਜ਼ ਬਰਾਬਰ ਵਰਤਣ ਦੇਵੋ|
3 ਲੜਕੀ ਨੂੰ ਵੀ ਲੜਕੇ ਦੀ ਤਰ੍ਹਾਂ ਹੀ ਪੜਾਓ| ਇਕ ਪੜ੍ਹੀ ਲਿਖੀ ਔਰਤ ਇਕ ਸਿਹਤਮੰਦ ਤੇ ਮਜਬੂਤ ਪਰਿਵਾਰ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ|
4 ਔਰਤਾ ਨੂੰ ਉਹਨਾਂ ਦੀ ਮਨਪਸੰਦ ਦੇ ਖੇਤਰ ਵਿਚ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰੋ ਉਹਨਾਂ ਨੂੰ ਆਪਣੇ ਆਪ ਤਰੱਕੀ ਕਰਨ ਦੇਵੋ|
5 ਔਰਤਾਂ ਨੂੰ ਰਾਜਨੀਤਿਕ ਅਤੇ ਆਰਥਕ ਸੁਤੂਤਰਤਾ ਮੁਹੱਇਆ ਕਰੋ|
6 ਗਰਭ ਦੇ ਸਮੇਂ ,ਬੱਚੇ ਦੇ ਜਨਮ ਸਮੇਂ ਅਤੇ ਡਿਲਵਰੀ ਦੇ ਕੁੱਝ ਮਹੀਨੇ ਬਾਅਦ ਤੱਕ ਲਈ ਵਧੀਆ ਡਾਕਟਰੀ ਸਹੂਲਤਾਂ ਦਾ ਇੰਤਜਾਮ ਕਰੋ|
7 ਔਰਤਾਂ ਨੂੰ ਵਧੀਆ ਉਸਾਰੂ ਰੁੱਚੀਆਂ ਵਿਕਸਤ ਕਰਨੀਆਂ ਚਾਹੀਦੀਆਂ ਹਨ ਜਿਵੇਂ ਕਿ ਸੰਗੀਤ,ਡਾਂਸ,ਖੇਡਾਂ ਪਿਕਨਿਕ ਆਦਿ|
8 ਭੋਜਨ ਖਾਣ ਵਿਚ ਨਿਯਮਤ ਹੋਣ| ਭੋਜਨ ਵਿਚ ਹਰੇ ਪੱਤੇ,ਹਰੀਆਂ ਸਬਜ਼ੀਆਂ,ਫਲ,ਦੁੱਧ,ਅੰਨ ਦਾਲਾਂ ਜਰੂਰ ਸ਼ਾਮਲ ਕਰੋ | ਗਰਮ ਮਸਾਲੇ,ਕਿੱਠੇ ਅਤੇ ਤੇਲ ਤੇ ਚਿਕਨਾਈ ਨਾਲ ਭਰਪੂਰ ਪਦਾਰਥਾਂ ਦੀ ਘੱਟ ਵਰਤੋ ਕਰੋ|
9 ਹਰ ਰੋਜ ਕਸਰਤ ਕਰੋ|
10 ਕਿਸੇ ਆਪਣੀ ਪਸੰਦ ਦੇ ਕਿਸੇ ਵੀ ਡਾਕਟਰ ਨਾਲ ਸੰਪਰਕ ਕਰਦੇ ਰਹੋ|
11 ਆਪਣੇ ਡਾਕਟਰ ਦੀ ਸਲਾਹ ਤੋਂ ਬਿਨਾ ਦਵਾਈ ਲੈਣ ਤੋਂ ਬਚੋ|
12 ਆਪਣੇ ਘਰ ਨੂੰ ਧੂੜ ਕੂੜੇ ਕਰਕਟ ਆਦਿ ਤੋਂ ਸਾਫ਼ ਰੱਖੋ| ਆਪਣੇ ਸੌਣ ਵਾਲੇ ਕਮਰੇ ਵਿਚ ਫਾਲਤੂ ਦਾ ਸਮਾਨ ਜਾਂ ਫਰਨੀਚਰ ਆਦਿ ਨਾ ਰੱਖੋ|
13 ਆਪਣੇ ਆਪ ਦੀ ਰੋਟੀਨ ਬਣਾਓ| ਆਪਣੀਆਂ ਕਮਜ਼ੋਰੀਆਂ ਅਤੇ ਸਮਰੱਥਾਵਾਂ ਨੂੰ ਸਮਝੋ ਅਤੇ ਉਹਨਾਂ ਦੀ ਲਿਸਟ ਤਿਆਰ ਕਰੋ|
14 ਆਪਣੀਆਂ ਖੁਸ਼ੀਆਂ ਅਤੇ ਗਮੀਆਂ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਦੋਸਤਾਂ ਨਾਲ ਸਾਂਝੀਆਂ ਕਰੋ|
15 ਲੋੜਵੰਦਾਂ ਦੀ ਸਹਾਇਤਾ ਕਰੋ| ਹੋਰਨਾਂ ਦਾ ਭਲਾ ਕਰੋ|

0 0

ਬੇਸ਼ੱਕ ਅਸ਼ੀ ਪੜ੍ਹਦੇ-ਸੁਣਦੇ ਹਾਂ ਕਿ ਔਰਤਾਂ ਦਾ ਦਰਜਾ ਸਮਾਜ ਵਿੱਚ ਮਰਦਾਂ ਦੇ ਬਰਾਬਰ ਦਾ ਹੈ ਪਰ ਇਹ ਗੱਲ ਅੱਜ ਵੀ ਇੱਕ ਕਹਾਵਤ ਜਹੀ ਹੀ ਲਗਦੀ ਹੈ| ਅੱਜ ਵੀ ਸਮਾਜ ਵਿੱਚ ਮਰਦ ਦੀ ਪ੍ਰਧਾਨਗੀ ਹੀ ਨਜ਼ਰ ਆਉਦੀ ਹੈ ਅਤੇ ਔਰਤਾਂ ਨੂੰ ਬਹੁਤਾਂ ਕਰਕੇ ਅਣਗੋਲਿਆਂ ਹੀ ਕੀਤਾ ਜਾਂਦਾ ਹੈ| ਉਹਨਾਂ ਦੇ ਵਿਚਾਰਾਂ ਨੂੰ ਕੋਈ ਵਜਨ ਨਹੀਂ ਦਿੱਤਾ ਜਾਂਦਾ, ਜਰੂਰੀ ਫੈਸਲਿਆਂ ਵਿੱਚ ਆਮਤੌਰ ਤੇ ਔਰਤ ਦੀ ਸਲਾਹ ਨਹੀਂ ਲਈ ਜਾਂਦੀ ਜਦੋਂ ਕਿ ਘਰ ਵਿੱਚ ਔਰਤ ਪਰਿਵਾਰਕ ਭਲਾਈ ਵਾਸਤੇ ਹਰ ਤਰਾ੍ ਦੀ ਕੁਰਬਾਨੀ ਤੇ ਤਿਆਗ ਕਰਦੀ ਹੈ| ਫਿਰ ਵੀ ਉਸਦੀ ਆਪਣੀ ਕੋਈ ਸੁਤੰਤਰ ਪਹਿਚਾਣ ਨਹੀਂ ਹੈ| ਉਹਨਾਂ ਨੂੰ ਮਰਦਾਂ ਦੀ ਦਯਾ ਦੇ ਪਾਤਰ ਬਣਕੇ ਹੀ ਜਿੰਦਗੀ ਗੁਜਾਰਨੀ ਪੈਂਦੀ ਹੈ| ਇਸ ਤੋਂ ਇਲਾਵਾ ਔਰਤਾਂ ਨਾਲ ਛੇੜਖਾਨੀਆਂ,ਬਲਾਤਕਾਰ ਆਦਿ ਦੀਆਂ ਘਟਨਾਵਾਂ ਅਸੀਂ ਅਕਸਰ ਸੁਣਦੇ ਤੇ ਪੜ੍ਹਦੇ ਹਾਂ| ਅਜੇਹੇ ਹਾਲਾਤਾਂ ਵਿੱਚ ਔਰਤਾਂ ਅਕਸਰ ਮਾਨਸਿਕ ਰੋਗਾਂ ਤੋਂ ਪ੍ਰਭਾਵਿਤ ਹੋ ਜਾਂਦੀਆਂ ਹਨ|
ਔਰਤਾਂ ਦਾ ਦਿੱਲ ਕਮਜੋਰ,ਭਾਵੁਕ ਅਤੇ ਛੇਤੀ ਘਬਰਾ ਜਾਣ ਵਾਲਾ ਹੁੰਦਾ ਹੈ ਅਤੇ ਛੋਟੀਆਂ ਛੋਟੀਆਂ ਗੱਲਾਂ ਤੋਂ ਚਿੰਤਾ ਗ੍ਰਸਤ ਹੋ ਜਾਣ ਕਰਕੇ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਵਿੱਚ ਘਿਰ ਜਾਂਦੀਆਂ ਹਨ| ਦੂਜੇ ਪਾਸੇ ਸਰੀਰਕ ਪੱਖੋਂ ਵੀ ਕਮਜੋਰ ਹੁੰਦੀਆਂ ਹਨ| ਮਾਹਵਾਰੀ,ਗਰਭਧਾਰਨ, ਬੱਚੇ ਨੂੰ ਜਨਮ ਦੈਣਾ ਉਸਨੂੰ ਹੋਰ ਵੀ ਕਮਜੋਰ ਬਣਾਉਦੇ ਹਨ| ਘਰ ਗ੍ਰਹਿਸਤੀ ਵਿੱਚ ਔਰਤਾਂ ਮਰਦਾਂ ਨਾਲੋਂ ਵੱਧ ਜਿੰਮੇਵਾਰੀਆਂ ਨਿਭਾਉਂਦੀਆਂ ਹਨ| ਫਿਰ ਵੀ ਸਾਡੇ ਸਮਾਜ ਅੰਦਰ ਔਰਤਾਂ ਨੂੰ ਦੂਜੇ ਦਰਜੇ ਦਾ ਹੀ ਸਮਝਿਆਂ ਜਾਂਦਾ ਹੈ| ਉਹਨਾਂ ਵਿੱਚ ਨਾ-ਕਾਮਯਾਬੀਆਂ ਨੂੰ ਸਹਿਨ ਕਰਨ ਦਾ ਮਾਦਾ ਬਹੁਤ ਘੱਟ ਹੋਣ ਕਰਕੇ ਮਾਯੂਸ ਹੋਂ ਜਾਂਦੀਆਂ ਹਨ ਤੇ ਆਪਣੀ ਮਾਨਸਿਕ ਸਿਹਤ ਖੁਦ ਹੀ ਖਰਾਬ ਕਰਕੇ ਰੋਗੀ ਬਣ ਜਾਂਦੀਆਂ ਹਨ|
ਸਾਡੇ ਸਮਾਜ ਵਿੱਚ ਔਰਤਾਂ ਬਾਰੇ ਇਹੋ ਵਿਚਾਰਧਾਰਾ ਹੈ ਤੇ ਕਿਸੇ ਹੱਦ ਤੱਕ ਇਹ ਠੀਕ ਵੀ ਲਗਦੀ ਹੈ| ਪਰ ਇੱਕ ਗੱਲ ਸਾਨੂੰ ਹਮੇਸਾਂ ਯਾਦ ਰੱਖਣੀ ਚਾਹੀਦੀ ਹੈ ਕਿ ਖਾਸ ਤੌਰ ਤੇ ਪਰਿਵਾਰ ਦੀ ਖੁਸ਼ੀ ਤੇ ਸਿਹਤ ਅਤੇ ਆਮਤੌਰ ਤੇ ਸਾਡੇ ਸਾਰੇ ਸਮਾਜ ਦੀ ਭਲਾਈ ਔਰਤਾਂ ਦੀ ਸਿਹਤ ਅਤੇ ਖੁਸ਼ੀ ਉਤੇ ਹੀ ਨਿਰਭਰ ਹੈ| ਇਸ ਵਿੱਚ ਕੁਈ ਸੱਕ ਨਹੀਂ ਕਿ ਇਕ ਸਿਹਤਮੰਦ ਅਤੇ ਖੁਸਮਿਜਾਜ ਔਰਤ ਪਤੀ ਅਤੇ ਬੱਚਿਆਂ ਦੀ ਦੇਖਭਾਲ ਬਹੁਤ ਹੀ ਚੰਗੇ ਢੰਗ ਨਾਲ ਕਰਕੇ ਆਪਣੀ ਜਿੰਮੇਵਾਰੀ ਨਿਭਾ ਸਕਦੀ ਹੈ| ਭਾਰਤੀ ਸੱਭਿਆਚਾਰ ਵਿੱਚ ਪੁਰਾਣੇ ਸਮਿਆਂ ਵਿੱਚ ਔਰਤ ਦਾ ਬਹੁਤ ਸਤਿਕਾਰ ਸੀ| ਮਾਂ ਨੂੰ ਰੱਬ ਦਾ ਰੂਪ ਅਤੇ ਔਰਤ ਨੂੰ ਆਦਿ ਸਕਤੀ ਦੇ ਰੂਪ ਵਿੱਚ ਦਿਖਾਇਆਂ ਗਿਆ ਹੈ| ਪਰੰਤੂੰ ਅਜੋਕਾਂ ਸਮਾਜ ਇਸ ਮਾਮਲੇ ਵਿੱਚ ਬਿਲਕੁਲ ਗਰਕ ਹੋਇਆ ਲਗਦਾ ਹੈ|
ਸਾਡੇ ਦੇਸ਼ ਵਿੱਚ ਲੜਕਾ ਜੰਮਣ ਤੇ ਮਾਪੇ, ਰਿਸਤੇਦਾਰ ਤੇ ਹੋਰ ਯਾਰ ਦੋਸਤ ਖੁਸ਼ੀਆਂ ਮਨਾਉਂਦੇ ਹਨ| ਲੜਕੀ ਨੂੰ ਪਰਿਵਾਰ ਦਾ ਬੋਂਝ ਸਮਝ ਕੇ ਕਈ ਕਬੀਲਿਆਂ ਵਿੱਚ ਤਾਂ ਉਸਨੂੰ ਜੰਮਦਿਆਂ ਹੀ ਮਾਰ ਦੇਣ ਦਾ ਰਿਵਾਜ ਵੀ ਹੈ| ਲੜਕੀਆਂ ਨੂੰ ਪੜਾਉਂਣ ਪ੍ਰਤੀ ਵੀ ਲੋਕਾਂ ਦਾ ਰੁਝਾਨ ਕੋਈ ਬਹੁਤਾ ਉਤਸਾਹ ਵਾਲਾ ਨਹੀਂ , ਜਾਂ ਤਾਂ ਉਹਨਾਂ ਨੂੰ ਸਕੂਲ ਭੇਜਿਆਂ ਹੀ ਨਹੀਂ ਜਾਂਦਾ ਜਾਂ ਫਿਰ ਸਕੂਲੀ ਸਿੱਖਿਆਂ ਤੋਂ ਬਾਅਦ ਹਟਾ ਲਿਆ ਜਾਂਦਾ ਹੈ| ਜੇ ਥੋੜੀਆਂ-ਬਹੁਤੀਆਂ ਪੜ ਵੀ ਜਾਂਦੀਆਂ ਹਨ ਤੇ ਚੰਗੀ ਕਿਸਮਤ ਕਾਰਨ ਨੌਕਰੀ ਤੇ ਲੱਗ ਜਾਣ ਤਾਂ ਉਹਨਾਂ ਨੂਮ ਆਪਣੀ ਸਾਰੀ ਦੀ ਸਾਰੀ ਤਨਖਾਹ ਘਰਵਾਲੇ ਦੇ ਹੱਥ ਫੜਾਉਣੀ ਪੈਂਦੀ ਹੈ ਤੇ ਆਪਣੀ ਮਰਜੀ ਅਨੁਸਾਰ ਕੋਈ ਵੀ ਖਰਚ ਨਹੀਂ ਕਰ ਸਕਦੀ|
ਜਿੱਥੋ ਤੱਕ ਲੜਕੀਆਂ ਦੀ ਵਿਆਹ-ਸ਼ਾਦੀ ਦਾ ਮਾਮਲਾ ਹੈ ਉਥੇ ਬਹੁਤੇ ਪਰਿਵਾਰਾਂ ਵਿੱਚ ਮਾਪਿਆਂ ਦੀ ਮਰਜ਼ੀ ਅਨੁਸਾਰ ਹੀ ਹੁੰਦਾ ਹੈ| ਲੜਕਾ ਹੀ ਲੜਕੀ ਨੂੰ ਪਸੰਦ ਕਰਦਾ ਹੈਤੇ ਲੜਕੀ ਨੂੰ ਇਹ ਮੌਕਾ ਨਹੀਂ ਦਿੱਤਾ ਜਾਂਦਾ | ਜੇ ਲੜਕਾ ਹਾਂ ਕਰ ਦੇਵੇ ਤਾਂ ਸਮਝੋ ਰਿਸ਼ਤਾ ਪੱਕਾ ਨਹੀਂ ਤਾਂ ਨਹੀਂ| ਲੜਕੀ ਦੀ ਪਸੰਦ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਹਰ ਕੋਈ ਲੜਕੇ ਦੀ ਹਾਂ ਦੀ ਹੀ ਆਸ ਕਰਦਾ ਹੈ| ਜੇਕਰ ਕੋਈ ਲੜਕੀ ਆਪਣੀ ਮਰਜ਼ੀ ਮੁਤਾਬਕ ਪਸੰਦ ਦੇ ਲੜਕੇ ਨਾਲ ਵਿਆਹ ਕਰਵਾ ਲਵੇ ਤਾਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ| ਲੜਕੇ ਵੱਲੋ ਹਾਂ ਹੋਈ ਤਾਂ ਰਿਸ਼ਤਾਂ ਪੱਕਾ ਤੇ ਫਿਰ ਹੋਣ ਲੱਗਦੀਆਂ ਹਨ ਦੇਣ-ਲੈਣ ਦੀਆਂ ਗੱਲਾਂ| ਲੜਕੀ ਵਾਲੇ ਪੂਰਾ ਉਤਰਨ ਤਾਂ ਵਿਆਹ ਦੀ ਤਿਆਰੀਆਂ ਸੁਰੂ ਨਹੀਂ ਤਾਂ ਰਿਸ਼ਤਾ ਟੁੱਟ ਗਿਆ| ਇਸ ਤਰ੍ਹਾਂ ਵਿਆਹ ਤੇ ਲੜਕੀ ਵਾਲਿਆਂ ਦੇ ਖਰਚੇ, ਦਾਜ-ਦਹੇਜ ਅਤੇ ਵਿਆਹ ਤੋਂਬਾਆ ਦੀਆਂ ਜਿੰਮੇਵਾਰੀਆਂ{ ਤਿੱਥ-ਤਿਉਹਾਰ,ਬੱਚੇ ਦਾ ਜਣੇਪਾ}ਨੂੰ ਧਿਆਨ ਵਿੱਚ ਰੱਖਦਿਆਂ ਮਾਪੇ ਧੀਆਂ ਨੂੰ ਇੱਕ ਬੋਂਝ ਸਮਝਦੇ ਹਨ ਤੇ ਜੇ ਮੌਕਾ ਮਿਲੇ ਤਾਂ ਉਸ ਦੇ ਜੰਮਣ ਤੋਂ ਪਹਿਲਾਂ ਹੀ ਖਹਿੜਾ ਛੁਡਾਉਣ ਦੀ ਸੋਚਦੇ ਹਨ| ਜੇ ਕਿਧਰੇ ਲੜਕੇ ਵਾਲਿਆਂ ਦੀਆਂ ਸਾਰੀਆਂ ਸਰਤਾਂ ਲੜਕੀ ਵਾਲੇ ਨੂੰ ਪਰਵਾਨ ਹੋਣ ਤੇ ਰਿਸ਼ਤੇ ਸਿਰੇ ਚੜ੍ਹ ਜਾਂਦੇ ਹਨ| ਪਰ ਕਈ ਪਰਿਵਾਰਾਂ ਵਿੱਚ ਨੂੰਹ-ਸੱਸ ਦਾ ਮਹਾਂ-ਭਾਰਤ ਸੁਰੂ ਹੋ ਜਾਂਦਾ ਹੈ, ਜਿਸ ਨਾਲ ਘਰ ਦਾ ਵਾਤਾਵਰਨ ਵਿਗੜ ਜਾਂਦਾ ਹੈ| ਅਜੇਹੇ ਮੌਕਿਆਂ ਤੇ ਵੀ ਧੀ ਦੇ ਪਿਉ ਦੀ ਸਾਂਤੀ ਖਰਾਬ ਹੁੰਦੀ ਹੈ| ਧੀ ਆਪਣੀ ਦੁਰ-ਦਸਾਂ ਤਾਂ ਕਿਸੇ ਹੱਦ ਤਕ ਸਹਿ ਲੈਂਦੀ ਹੈ ਪਰ ਪਿਉ ਦੀ ਸਾਂਤੀ ਭੰਗ ਹੋਈ ਉਸਦੀ ਚਿੰਤਾ ਦਾ ਬਹੁਤ ਹੀ ਵੱਡਾ ਕਾਰਨ ਬਣਦੀ ਹੈ ਤੇ ਅੰਦਰ ਹੀ ਅੰਦਰ ਸੜਦੀ ਰਹਿੰਦੀ ਹੈ ਤੇ ਇੱਕ ਰੋਗਣ ਬਣ ਜਾਂਦੀ ਹੈ|
ਪ੍ਰਮਾਤਮਾਂ ਸੱਤ-ਬੁੱਧੀ ਦੇਵੇ ਇਸ ਮਰਦ ਪ੍ਰਧਾਨ ਸਮਾਜ ਨੂੰ ਕਿ ਇਹ ਔਰਤ ਨੂੰ “ਆਦਿ ਸਕਤੀ” ਦੇ ਰੂਪ ਵਿੱਚ ਦੇਖ ਸਕਣ|

Powered By Indic IME